ਪਾਣੀ ਪੰਜ ਦਰਿਆਵਾਂ ਦੇ

-ਹਰਦੀਪ ਢਿੱਲੋਂ

ਵੇਖਾਂ ਖੜ-ਖੜ ਨਦੀ ਕਿਨਾਰੇ।
ਨਾ ਕੋਈ ਸੋਹਣੀ ਟੁੱਭੀਆਂ ਮਾਰੇ।
ਖਾ-ਖਾ ਮੱਛੀਆਂ ਮਰੇ ਵਿਚਾਰੇ।
ਟੋਲੇ ਬਗਲਿਆਂ, ਕਾਵਾਂ ਦੇ।
ਅੱਜ ਕੱਲ੍ਹ ਪਾਣੀ ਪੀਣ ਤੇਜ਼ਾਬੀ,
ਮਾਲਕ ਪੰਜ ਦਰਿਆਵਾਂ ਦੇ।

ਪਾਣੀ ਪੱਠਿਆਂ ਨੂੰ ਵੀ ਲਾਈਏ।
ਪਿਆ-ਪਿਆ ਰੋਗੀ ਪਸ਼ੂ ਬਣਾਈਏ।
ਲੱਭਣ ਦੁੱਧ ਪਵਿੱਤਰ ਜਾਈਏ।
ਕਿੱਥੇ ਮੱਝੀਆਂ ਗਾਵਾਂ ਦੇ।
ਅੱਜ ਕੱਲ੍ਹ ਪਾਣੀ ਪੀਣ ਤੇਜ਼ਾਬੀ..।

ਹੋਏ ਅੰਨ ਸਬਜ਼ੀ ਜ਼ਹਿਰੀਲੇ।
ਵੈਦਾਂ ‘ਲਾਜ ਕਰੇ ਖਰਚੀਲੇ।
ਕਿੱਥੇ ਲੱਦ ਗਏ ਰੰਗ ਰੰਗੀਲੇ।
ਮੁਗਦਰ ਫੇਰੂ ਬਾਹਵਾਂ ਦੇ।
ਅੱਜ ਕੱਲ੍ਹ ਪਾਣੀ ਪੀਣ ਤੇਜ਼ਾਬੀ..।

ਬਿਪਤਾ ਪਈ ਪੁੱਤਾਂ ‘ਤੇ ਵੱਡੀ।
ਤੋਰੇ ਕੈਂਸਰ ਮੇਲ ਦੀ ਗੱਡੀ।
ਤੁਰ ਕੇ ਆਸ ਮੁੜਨ ਦੀ ਛੱਡੀ।
ਦਸਦੇ ਹਉਕੇ ਮਾਵਾਂ ਦੇ।
ਅੱਜ ਕੱਲ੍ਹ ਪਾਣੀ ਪੀਣ ਤੇਜ਼ਾਬੀ..।

ਕਚਰੇ ਰੰਗ ਰੋਗਨ ਦੇ ਡੁੱਲ੍ਹਦੇ।
ਬਹੁਤੇ ਵਿੱਚ ਪਾਣੀ ਦੇ ਘੁਲਦੇ।
‘ਢਿੱਲੋਂ ਭੇਤ ਜਾਂਦੇ ਹੁਣ ਖੁੱਲ੍ਹਦੇ।
ਬੇੜੀ ਡੋਬ ਮਲਾਹਵਾਂ ਦੇ।
ਅੱਜ ਕੱਲ੍ਹ ਪਾਣੀ ਪੀਣ ਤੇਜ਼ਾਬੀ,
ਮਾਲਕ ਪੰਜ ਦਰਿਆਵਾਂ ਦੇ।