ਪਾਣੀ ਦੇ ਸੰਕਟ ਦਾ ਸਿੱਟਾ: ਹਾਈ ਕੋਰਟ ਨੇ ਕਿਹਾ: ਸ਼ਿਮਲਾ ਵਿੱਚ ਡਿਫਾਲਟਰ ਹੋਟਲਾਂ ਦੇ ਪਾਣੀ ਦੇ ਕੁਨੈਕਸ਼ਨ ਕੱਟ ਦਿਓ


ਸ਼ਿਮਲਾ, 31 ਮਈ, (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਵਿੱਚ ਚੱਲਦੇ ਪਾਣੀ ਦੇ ਸੰਕਟ ਕਾਰਨ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਕੱਲ੍ਹ ਸ਼ਿਮਲਾ ਮਿਉਂਸਿਪਲ ਕਾਰਪੋਰੇਸ਼ਨ ਨੂੰ ਉਨ੍ਹਾਂ ਹੋਟਲਾਂ ਦੇ ਪਾਣੀ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਹਨ, ਜਿਹੜੇ ਦੋ ਦਿਨਾਂ ਵਿੱਚ ਆਪਣੇ ਬਕਾਏ ਦੀ ਅਦਾਇਗੀ ਨਹੀਂ ਕਰਨਗੇ।
ਸ਼ਿਮਲਾ ਵਿੱਚ ਅਚਾਨਕ ਆਈ ਪਾਣੀ ਦੀ ਘਾਟ ਦਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਆਪਣੇ ਆਪ ਨੋਟਿਸ ਲੈਂਦੇ ਹੋਏ ਸ਼ਿਮਲਾ ਮਿਉਂਸਿਪਲ ਕਾਰਪੋਰੇਸ਼ਨ ਨੂੰ ਉਨ੍ਹਾਂ ਹੋਟਲਾਂ ਦੇ ਪਾਣੀ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਹਨ, ਜਿਹੜੇ ਦੋ ਦਿਨਾਂ ਵਿੱਚ ਬਕਾਏ ਨਹੀਂ ਭਰ ਦੇਂਦੇ। ਇਸ ਦੇ ਨਾਲ ਹਾਈ ਕੋਰਟ ਨੇ ਹਿਮਾਚਲ ਪ੍ਰਦੇਸ਼ ਟੂਰਿਜ਼ਮ ਵਿਭਾਗ ਨੂੰ ਵੀ ਸੁਣਵਾਈ ਵਿੱਚ ਸ਼ਾਮਲ ਹੋਣ ਲਈ ਸੰਮਨ ਜਾਰੀ ਕਰ ਦਿੱਤੇ ਹਨ।
ਇਸ ਹਾਈ ਕੋਰਟ ਦੇ ਕਾਰਜਕਾਰੀ ਜਸਟਿਸ ਸੰਜੇ ਕੌਲ ਅਤੇ ਜਸਟਿਸ ਅਜੇ ਮੋਹਨ ਗੋਇਲ ਨੇ ਰਾਜਧਾਨੀ ਸਿ਼ਮਲਾ ਵਿੱਚ ਪਾਣੀ ਦੀ ਘਾਟ ਦਾ ਆਪਣੇ ਆਪ ਨੋਟਿਸ ਲੈਂਦਿਆਂ 30 ਮਈ ਨੂੰ ਹੁਕਮ ਦਿੱਤੇ ਹਨ ਕਿ ਪਾਣੀ ਦੇ ਬਿਲਾਂ ਨਾ ਭਰਨ ਵਾਲੇ ਹੋਟਲਾਂ ਦੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਣ। ਮਿਲੀ ਜਾਣਕਾਰੀ ਅਨੁਸਾਰ ਸ਼ਿਮਲਾ ਕਰਪੋਰੇਸ਼ਨ ਦੀ ਹੱਦ ਵਿੱਚ 224 ਹੋਟਲ ਹਨ ਤੇ ਇਨ੍ਹਾਂ ਦੇ 527 ਪਾਣੀ ਦੇ ਕੁਨੈਕਸ਼ਨ ਚੱਲਦੇ ਹਨ। ਅਦਾਲਤ ਮਿੱਤਰ ਵਕੀਲ ਕੇਡੀ ਸ਼੍ਰੀਧਰ ਨੇ ਕਿਹਾ ਕਿ ਇਹ ਆਮ ਧਾਰਨਾ ਹੈ ਕਿ ਕਈ ਹੋਟਲਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਪਾਣੀ ਦੇ ਕੁਨੈਕਸ਼ਨ ਦਿੱਤੇ ਹੋਏ ਹਨ। ਅਦਾਲਤ ਨੇ ਮਿਉਂਸਿਪਲ ਕਾਰਪੋਰੇਸ਼ਨ ਨੂੰ ਪੁੱਛਿਆ ਕਿ ‘ਕੀ-ਮੈਨ’, ਜਿਹੜੇ ਸ਼ਹਿਰ ਵਿੱਚ ਪਾਣੀ ਦੀ ਵੰਡ ਲਈ ਜਿੰਮੇਵਾਰ ਹਨ, ਦੀ ਨਿਯੁਕਤੀ ਕੌਣ ਕਰਦਾ ਹੈ। ਜ਼ਿਕਰ ਯੋਗ ਹੈ ਕਿ ਇਸ ਸਮੇਂ ਸ਼ਿਮਲੇ ਸ਼ਹਿਰ ਨੂੰ ਪਾਣੀ ਦੇਣ ਲਈ ਛੇ ਜ਼ੋਨਾਂ ਦੇ ਵਿੱਚ ਵੰਡਿਆ ਹੋਇਆ ਹੈ ਅਤੇ 62 ‘ਕੀਮੈਨ’ ਪਾਣੀ ਦੀ ਵੰਡ ਦੀ ਸਾਰੀ ਜ਼ਿੰਮਵਾਰੀ ਨਿਭਾਉਂਦੇ ਹਨ।