ਪਾਕਿ ਫ਼ੌਜ ਨੇ ਫਿਰ ਵਿਖਾ ਦਿੱਤਾ ਅਣਮਨੁੱਖੀ ਵਿਹਾਰ ਦਾ ਕਿਰਦਾਰ

ser kalam* ਗਸ਼ਤ ਕਰਦੇ ਭਾਰਤੀ ਫੌਜੀਆਂ ਨੂੰ ਮਾਰਨ ਮਗਰੋਂ ਸਿਰ ਕਲਮ ਕੀਤੇ
* ਜਵਾਬ ਵਿੱਚ ਭਾਰਤੀ ਫੌਜ ਨੇ ਪਾਕਿ ਦੀਆਂ ਚੌਕੀਆਂ ਤਬਾਹ ਕੀਤੀਆਂ
ਜੰਮੂ, 1 ਮਈ, (ਪੋਸਟ ਬਿਊਰੋ)- ਆਪਣੇ ਅਣਮਨੁੱਖ ਵਿਹਾਰ ਦੇ ਕਾਰਨ ਵਾਰ-ਵਾਰ ਚਰਚਾ ਵਿੱਚ ਆਉਂਦੀ ਰਹਿਣ ਵਾਲੀ ਪਾਕਿਸਤਾਨੀ ਫ਼ੌਜ ਦੇ ਇਕ ਵਿਸ਼ੇਸ਼ ਦਸਤੇ ਨੇ ਅੱਜ ਸਵੇਰੇ ਭਾਰੀ ਗੋਲਾਬਾਰੀ ਦੀ ਆੜ ਹੇਠ ਭਾਰਤੀ ਦੇ ਖੇਤਰ ਵਿੱਚ ਕਰੀਬ 250 ਮੀਟਰ ਅੰਦਰ ਆਣ ਕੇ ਇਕ ਪੈਟਰੋਲਿੰਗ ਟੀਮ ਉਤੇ ਹਮਲਾ ਕੀਤਾ ਅਤੇ ਦੋ ਭਾਰਤੀ ਜਵਾਨਾਂ ਦੇ ਸਿਰ ਵੱਢ ਦਿੱਤੇ। ਇਹ ਹਰਕਤ ਪਾਕਿਸਤਾਨੀ ਫ਼ੌਜ ਦੀ ਬਾਰਡਰ ਐਕਸ਼ਨ ਟੀਮ (ਬੈਟ) ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚਾਲੇ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਕੀਤੀ ਹੈ। ਮਾਰੇ ਗਏ ਦੋਵਾਂ ਜਵਾਨਾਂ ਦੀ ਪਛਾਣ 22-ਸਿੱਖ ਰੈਜੀਮੈਂਟ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਅਤੇ ਬੀ ਐਸ ਐਫ ਦੀ 200ਵੀਂ ਬਟਾਲੀਅਨ ਦੇ ਹੈਡ ਕਾਂਸਟੇਬਲ ਪ੍ਰੇਮ ਸਾਗਰ ਵਜੋਂ ਹੋਈ ਹੈ। ਹਮਲੇ ਵਿੱਚ ਬੀ ਐਸ ਐਫ਼ ਦਾ ਇਕ ਹੋਰ ਜਵਾਨ ਰਾਜਿੰਦਰ ਸਿੰਘ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਇਸ ਵਕਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਇਸ ਘਟਨਾ ਤੋਂ ਬਾਅਦ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਇਸ ਘਟੀਆ ਕਾਰੇ ਦੇ ਖ਼ਿਲਾਫ਼ ਭਰਵੀਂ ਕਾਰਵਾਈ ਕਰਦਿਆਂ ਉਸ ਦੀਆਂ ਦੋ ਸਰਹੱਦੀ ਚੌਕੀਆਂ ਨੂੰ ਤਬਾਹ ਕਰ ਦਿੱਤਾ ਅਤੇ ਇਸ ਹਮਲੇ ਨੂੰ ਪਾਕਿ ਫੌਜ ਦੀ ਹਰਕਤ ਦਾ ‘ਢੁਕਵਾਂ ਜਵਾਬ’ ਦੇਣ ਦਾ ਐਲਾਨ ਕੀਤਾ ਹੈ।
ਵਰਨਣ ਯੋਗ ਹੈ ਕਿ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਮਕਬੂਜ਼ਾ ਕਸ਼ਮੀਰ ਦੇ ਵਿੱਚ ਅਸਲ ਕੰਟਰੋਲ ਰੇਖਾ (ਐਲ ਓ ਸੀ) ਨੇੜਲੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਨ ਤੋਂ ਇਕ ਦਿਨ ਬਾਅਦ ਉਨ੍ਹਾਂ ਦੀ ਫੌਜ ਨੇ ਇਹ ਵਹਿਸ਼ੀ ਹਰਕਤ ਕੀਤੀ ਹੈ। ਜਨਰਲ ਬਾਜਵਾ ਨੇ ਬੀਤੇ ਦਿਨ ਦੌਰੇ ਦੌਰਾਨ ਪਾਕਿਸਤਾਨ ਵੱਲੋਂ ਕਸ਼ਮੀਰੀ ਵੱਖਵਾਦੀਆਂ ਦੇ ਲਈ ਹਮਾਇਤ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ ਸੀ।
ਭਾਰਤ ਦੀ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਇਹ ਪਾਕਿਸਤਾਨੀ ਫ਼ੌਜ ਦਾ ਗਿਣ-ਮਿਥ ਕੇ ਕੀਤਾ ਹਮਲਾ ਸੀ। ਉਨ੍ਹਾਂ ਆਪਣੀ ਬੈਟ ਟੀਮ ਨੂੰ ਭਾਰਤ ਵਿੱਚ 250 ਮੀਟਰ ਅੰਦਰ ਤੱਕ ਭੇਜਿਆ ਤੇ ਉਥੇ ਘਾਤ ਲਾ ਕੇ ਇਹ ਹਮਲਾ ਕੀਤਾ, ਜਿਸ ਦੌਰਾਨ ਉਹ ਲੰਬਾ ਸਮਾਂ 7-8 ਮੈਂਬਰੀ ਭਾਰਤ ਦੀ ਪੈਟਰੋਲ ਪਾਰਟੀ ਦੀ ਉਡੀਕ ਵਿੱਚ ਬੈਠੇ ਰਹੇ। ਉਨ੍ਹਾਂ ਕਿਹਾ ਕਿ ਹਮਲਾ ਹੋਣ ਉਤੇ ਪੈਟਰੋਲ ਪਾਰਟੀ ਦੇ ਮੈਂਬਰ ਬਚਾਅ ਲਈ ਭੱਜੇ ਤਾਂ ਇਸ ਦੌਰਾਨ ਦੋ ਜਵਾਨ ਪਿੱਛੇ ਰਹਿ ਜਾਣ ਕਾਰਨ ਉਨ੍ਹਾਂ ਦਾ ਸ਼ਿਕਾਰ ਬਣ ਗਏ। ਫ਼ੌਜ ਦੇ ਬਿਆਨ ਮੁਤਾਬਕ ਦੋਵਾਂ ਜਵਾਨਾਂ ਦੀਆਂ ਲਾਸ਼ਾਂ ਦੀ ਵੱਢ-ਟੁੱਕ ਕੀਤੀ ਗਈ ਹੈ, ਪਰ ਫ਼ੌਜ ਦੇ ਇਕ ਸੀਨੀਅਰ ਅਧਕਾਰੀ ਨੇ ਦੱਸਿਆ ਕਿ ਦੋਵਾਂ ਜਵਾਨਾਂ ਦੇ ਸਿਰ ਵੱਢੇ ਗਏ ਹਨ। ਇਸ ਅਧਿਕਾਰੀ ਨੇ ਕਿਹਾ ਕਿ ਇਸ ਮੌਕੇ ਪਾਕਿਤਸਾਨੀ ਫ਼ੌਜ ਨੇ ਭਾਰਤੀ ਚੌਕੀਆਂ ਉਤੇ ਜ਼ੋਰਦਾਰ ਗੋਲਾਬਾਰੀ ਕੀਤੀ, ਜਿਸ ਦੀ ਮਦਦ ਨਾਲ ਬੈਟ ਟੀਮ ਭਾਰਤੀ ਇਲਾਕੇ ਵਿੱਚ ਦਾਖ਼ਲ ਹੋਈ। ਉਨ੍ਹਾਂ ਕਿਹਾ, ‘ਪਾਕਿਸਤਾਨੀ ਫ਼ੌਜ ਨੇ ਸਵੇਰੇ 8.30 ਵਜੇ ਦੋ ਮੂਹਰਲੀਆਂ ਚੌਕੀਆਂ ਉਤੇ ਰਾਕਟਾਂ ਤੇ ਗੋਲਿਆਂ ਨਾਲ ਹਮਲਾ ਸ਼ੁਰੂ ਕੀਤਾ। ਇਸ ਅਚਾਨਕ ਗੋਲਾਬਾਰੀ ਕਾਰਨ ਗਸ਼ਤੀ ਜਵਾਨ ਬਚਾਅ ਲਈ ਇਧਰ-ਉਧਰ ਭੱਜੇ। ਇਸ ਦੌਰਾਨ ਦੋ ਮੈਂਬਰ ਪਿੱਛੇ ਰਹਿ ਗਏ, ਜਿਨ੍ਹਾਂ ਨੂੰ ਬੈਟ ਟੀਮ ਨੇ ਹਮਲਾ ਕਰ ਕੇ ਮਾਰ ਦਿੱਤਾ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬੁਰੀ ਤਰ੍ਹਾਂ ਵੱਢ-ਟੁੱਕ ਦਿੱਤਾ।’
ਇਸ ਦੌਰਾਨ ਪਾਕਿਸਤਾਨ ਦੀ ਫੌਜ ਨੇ ਦੋ ਭਾਰਤੀ ਸੈਨਿਕਾਂ ਦੀਆਂ ਲਾਸ਼ਾਂ ਦੀ ਵੱਢ-ਟੁੱਕ ਤੋਂ ਇਨਕਾਰ ਕੀਤਾ ਹੈ। ਪਾਕਿ ਫੌਜ ਦੇ ਅੰਤਰ ਸੇਵਾਵਾਂ ਲੋਕ ਸੰਪਰਕ ਵਿੰਗ ਨੇ ਕਿਹਾ ਕਿ ਫੌਜ ਨੇ ਭਾਰਤ ਨਾਲ ਦੀ ਕੰਟਰੋਲ ਰੇਖਾ ਉਤੇ ਗੋਲੀਬੰਦੀ ਦੀ ਕੋਈ ਉਲੰਘਣਾ ਨਹੀਂ ਕੀਤੀ। ਭਾਰਤੀ ਸੈਨਿਕਾਂ ਦੀਆਂ ਲਾਸ਼ਾਂ ਦੀ ਵੱਢ-ਟੁੱਕ ਦੇ ਭਾਰਤ ਦੇ ਦਾਅਵੇ ਝੂਠੇ ਹਨ। ਪਾਕਿ ਫੌਜ ਉੱਚ ਪਾਏ ਦੀ ਪੇਸ਼ੇਵਰ ਫੋਰਸ ਹੈ, ਉਹ ਕਦੇ ਵੀ ਕਿਸੇ ਫੌਜੀ ਦੀ ਨਿਰਾਦਰੀ ਨਹੀਂ ਕਰੇਗੀ।