ਪਾਕਿ ਸੁਪਰੀਮ ਕੋਰਟ ਨੇ ਸ਼ਰੀਫ ਕੋਰਟ ਦੇ ਕੇਸ ਮਹੀਨੇ ਵਿੱਚ ਮੁਕਾਉਣ ਦਾ ਹੁਕਮ ਦਿੱਤਾ


ਇਸਲਾਮਾਬਾਦ, 10 ਜੂਨ, (ਪੋਸਟ ਬਿਊਰੋ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੂੰ ਅਹੁਦੇ ਤੋਂ ਲਾਹੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਸਾਰੇ ਕੇਸਾਂ ਦੀ ਕਾਰਵਾਈ ਨੂੰ ਇਕ ਮਹੀਨੇ ਅੰਦਰ ਮੁਕੰਮਲ ਕਰਨ ਦਾ ਹੁਕਮ ਦਿੱਤਾ ਹੈ।
ਵਰਨਣ ਯੋਗ ਹੈ ਕਿ ਪਿਛਲੇ ਸਾਲ ਜੁਲਾਈ ਵਿਚ ਸੁਪਰੀਮ ਕੋਰਟ ਵਲੋਂ ਅਹੁਦੇ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ 68 ਸਾਲਾ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ ਤਿੰਨ ਮੁਕੱਦਮੇ ਸ਼ੁਰੂ ਕੀਤੇ ਗਏ ਸਨ। ਅਦਾਲਤ ਨੇ ਇਨ੍ਹਾ ਕੇਸਾਂ ਦੀ ਸੁਣਵਾਈ ਪੂਰੀ ਕਰਨ ਲਈ 6 ਮਹੀਨੇ ਦੀ ਸਮਾਂ ਮਿਆਦ ਤੈਅ ਕੀਤੀ ਸੀ। ਇਸ ਨੂੰ ਬਾਅਦ ਵਿਚ ਇਸ ਸਾਲ ਮਾਰਚ ਵਿਚ ਦੋ ਮਹੀਨੇ ਲਈ ਤੇ ਮਈ ਵਿਚ ਇਕ ਮਹੀਨੇ ਲਈ ਵਧਾ ਦਿੱਤਾ ਗਿਆ ਸੀ। ਅਦਾਲਤ ਵਲੋਂ ਤੈਅ ਕੀਤੀ ਆਖਰੀ ਸਮਾਂ ਹੱਦ ਵੀ ਕੱਲ੍ਹ ਪੂਰੀ ਹੋ ਗਈ। ਇਸ ਤੋਂ ਬਾਅਦ ਇਸਲਾਮਾਬਾਦ ਦੀ ਇਕ ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਨੇ ਸੁਣਵਾਈ ਪੂਰੀ ਕਰਨ ਲਈ ਹੋਰ ਸਮਾਂ ਦੇਣ ਦੀ ਅਪੀਲ ਕੀਤੀ ਸੀ।
ਨਵਾਜ਼ ਸ਼ਰੀਫ ਦੇ ਵਕੀਲ ਖਵਾਜ਼ਾ ਹੈਰਿਸ ਨੇ ਕੇਸ ਦੀ ਸੁਣਵਾਈ ਮੁਕੰਮਲ ਕਰਨ ਲਈ 6 ਹਫਤੇ ਦੇਣ ਦੀ ਅਪੀਲ ਕੀਤੀ ਸੀ, ਪਰ ਪਾਕਿਸਤਾਨ ਦੇ ਚੀਫ ਜਸਟਿਸ ਮੀਆਂ ਸਾਕਿਬ ਨਿਸਾਰ ਨੇ ਉਨ੍ਹਾਂ ਦੀ ਇਹ ਅਰਜ਼ੀ ਰੱਦ ਕਰਦੇ ਹੋਏ ਇਕ ਮਹੀਨੇ ਦੇ ਅੰਦਰ ਇਸ ਮਾਮਲੇ ਵਿਚ ਫੈਸਲਾ ਸੁਣਾਉਣ ਦਾ ਨਿਰਦੇਸ਼ ਦਿੱਤਾ ਹੈ।