ਪਾਕਿ ਸੁਪਰੀਮ ਕੋਰਟ ਨੇ ਕਟਾਸ ਰਾਜ ਸਰੋਵਰ ‘ਚ ਇਕ ਹਫਤੇ ਵਿੱਚ ਪਾਣੀ ਭਰਨ ਲਈ ਕਿਹਾ


ਇਸਲਾਮਾਬਾਦ, 24 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਸੁਪਰੀਮ ਕੋਰਟ ਨੇ ਇਤਿਹਾਸਕ ਕਟਾਸਰਾਜ ਮੰਦਰ ਕੰਪਲੈਕਸ ‘ਚ ਸਰੋਵਰ ਦੀ ਸਰਪ੍ਰਸਤੀ ਵਿੱਚ ਅਸਫਲ ਹੋਣ ‘ਤੇ ਸਰਕਾਰ ਦੀ ਖਿਚਾਈ ਕੀਤੀ ਤੇ ਇਸ ਦੀ ਜਾਂਚ ਲਈ ਉਚ ਪੱਧਰੀ ਕਮੇਟੀ ਬਣਾਉਣ ਦਾ ਆਦੇਸ਼ ਦਿੱਤਾ ਹੈ। ਇਲਾਕੇ ‘ਚ ਉਦਯੋਗਿਕ ਸਰਗਰਮੀਆਂ ਲਈ ਟਿਊਬਵੈਲ ਦੀ ਵਰਤੋਂ ਕਾਰਨ ਸਰੋਵਰ ਸੁੱਕ ਰਿਹਾ ਹੈ। ਚੀਫ ਜਸਟਿਸ ਸਾਕਿਬ ਨਿਸਾਰ ਨੇ ਮੀਡੀਆ ‘ਚ ਇਸ ਸਬੰਧੀ ਆਈ ਰਿਪੋਰਟ ‘ਤੇ ਆਪਣੇ ਆਪ ਹੀ ਨੋਟਿਸ ਲਿਆ ਹੈ।
ਕੱਲ੍ਹ ਚੀਫ ਜਸਟਿਸ ਨੇ ਸਰਕਾਰ ਅਤੇ ਚਕਵਾਲ ਜ਼ਿਲਾ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਕਿ ਇਕ ਹਫਤੇ ਦੇ ਅੰਦਰ ਸਰੋਵਰ ਨੂੰ ਭਰਿਆ ਜਾਵੇ, ਬੇਸ਼ੱਕ ਇਸ ਦੇ ਲਈ ਚਮੜੇ ਦੀ ਥੈਲੀ ਵਿੱਚ ਪਾਣੀ ਭਰ ਕੇ ਲਿਆਉਣਾ ਪਵੇ। ਅਦਾਲਤ ਨੇ ਇਸ ਮਾਮਲੇ ਦੀ ਜਾਂਚ ਲਈ ਉਚ ਪੱਧਰੀ ਕਮੇਟੀ ਦੇ ਗਠਨ ਦਾ ਆਦੇਸ਼ ਵੀ ਦਿੱਤਾ ਅਤੇ ਕਿਹਾ ਕਿ ਉਹ ਪਾਕਿਸਤਾਨ ਵਿੱਚ ਹਿੰਦੂਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਵੇਗੀ। ਚੀਫ ਜਸਟਿਸ ਨੇ ਕਿਹਾ ਕਿ ਮੰਦਰ ਸਿਰਫ ਹਿੰਦੂਆਂ ਦੇ ਸੱਭਿਆਚਾਰਕ ਮਹੱਤਵ ਦਾ ਸਥਾਨ ਨਹੀਂ, ਸਾਡੀ ਰਾਸ਼ਟਰੀ ਵਿਰਾਸਤ ਦਾ ਹਿੱਸਾ ਹੈ। ਉਨ੍ਹਾਂ ਇਸ ਸਮੱਸਿਆ ਦਾ ਹੱਲ ਕਰਨ ਦਾ ਆਦੇਸ਼ ਦਿੱਤਾ।
ਇਸ ਦੌਰਾਨ ਪੰਜਾਬ ਸੂਬੇ ਦੇ ਵਧੀਕ ਅਟਾਰਨੀ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਚਕਵਾਲ ਸ਼ਹਿਰ ਦੀ ਪੂਰੀ ਆਬਾਦੀ ਤੋਂ ਵੱਧ ਪਾਣੀ ਸੀਮੈਂਟ ਫੈਕਟਰੀ ਵਰਤ ਰਹੀ ਹੈ। ਅਦਾਲਤ ਨੇ ਅਟਾਰਨੀ ਜਨਰਲ ਨੂੰ ਇਸ ਦੀ ਜਾਂਚ ਲਈ ਉਚ ਪੱਧਰੀ ਕਮੇਟੀ ਬਣਾਉਣ ਦਾ ਆਦੇਸ਼ ਦਿੱਤਾ ਅਤੇ ਸੀਮੈਂਟ ਫੈਕਟਰੀ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ। ਜਸਟਿਸ ਨਿਸਾਰ ਨੇ ਕਿਹਾ ਕਿ ਜੇ 10 ਟਿਊਬਵੈਲ ਬੰਦ ਕਰਨ ਤੇ ਫੈਕਟਰੀਆਂ ਦੀ ਪਾਣੀ ਦੀ ਖਪਤ ਰੋਕਣ ਦੀ ਲੋੜ ਪਈ ਤਾਂ ਉਹ ਵੀ ਕਰਨਗੇ।