ਪਾਕਿ ਸਰਕਾਰ ਸ਼ੇਰੇ-ਪੰਜਾਬ ਦੀ ਜੱਦੀ ਹਵੇਲੀ ਦਾ ਕਬਜ਼ਾ ਨਹੀਂ ਛੁਡਵਾ ਸਕੀ


ਅੰਮ੍ਰਿਤਸਰ, 14 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਸੂਬਾ ਪੰਜਾਬ ਦੀਆਂ ਪ੍ਰਮੁੱਖ ਸੜਕਾਂ ਚੌਰਾਹਿਆਂ ਦੇ ਨਾਂਅ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂਅ ‘ਤੇ ਰੱਖਣ ਦੇ ਦਾਅਵੇ ਕਰਨ ਵਾਲੀ ਲਹਿੰਦੇ ਪੰਜਾਬ ਦੀ ਸੂਬਾ ਸਰਕਾਰ ਮਹਾਰਾਜਾ ਦੀ ਗੁਜਰਾਂਵਾਲਾ ਵਿੱਚ ਜੱਦੀ ਹਵੇਲੀ ਨੂੰ ਸੁਰੱਖਿਅਤ ਨਹੀਂ ਰੱਖ ਸਕੀ। ਹਵੇਲੀ ਦੇ ਅਗਲੇ ਹਿੱਸੇ ‘ਚ ਨਾਜਾਇਜ਼ ਉਸਾਰੀਆਂ ਦੁਕਾਨਾਂ ਨੂੰ ਮੱਛੀ ਮਾਰਕੀਟ ਤੇ ਹਵੇਲੀ ਦੇ ਪਿਛਲੇ ਹਿੱਸੇ ਨੂੰ ਪਾਰਕਿੰਗ ‘ਚ ਬਦਲ ਦਿੱਤਾ ਗਿਆ ਹੈ।
ਹਵੇਲੀ ਦੇ ਨਾਲ ਲੱਗਦੇ ਘਰ ਵਿੱਚ ਰਹਿੰਦੇ ਮੁਹੰਮਦ ਕਾਸਿਮ ਰਫੰਕ ‘ਅੰਮ੍ਰਿਤਸਰੀ’ ਦੇ ਅਨੁਸਾਰ ਸ਼ੇਰੇ ਪੰਜਾਬ ਦਾ ਜਨਮ ਸਥਾਨ ਮੌਜੂਦਾ ਸਮੇਂ ਨਸ਼ੇੜੀਆਂ ਅਤੇ ਜੁਆਰੀਆਂ ਦਾ ਅੱਡਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਪੁਰਾਤਤਵ ਵਿਭਾਗ ਵੱਲੋਂ ਇਸ ਵਿਰਾਸਤੀ ਇਮਾਰਤ ਐਲਾਨੀ ਹਵੇਲੀ ਦੀ ਖਬਰ ਲੈਣ ਲਈ ਵਿਭਾਗ ਦੇ ਅਧਿਕਾਰੀ ਸਾਲ ਵਿੱਚ ਸਿਰਫ ਇਕ ਦੋ ਵਾਰ ਆਉਂਦੇ ਹਨ ਤੇ ਇਸ ਦੀ ਸੁਰੱਖਿਆ ਲਈ ਕਿਸੇ ਦੀ ਨਿਯੁਕਤੀ ਨਹੀਂ ਕੀਤੀ ਗਈ।
ਵਰਨਣ ਯੋਗ ਹੈ ਕਿ ਗੁੱਜਰਾਂਵਾਲਾ ਦੀ ਪੁਰਾਣੀ ਸਬਜ਼ੀ ਮੰਡੀ ਵਿਚਲੀ ਦੀਵਾਨ ਖਾਨੇ ਵਾਂਗੂ ਵਿਖਾਈ ਦਿੰਦੀ ਇਸ ਹਵੇਲੀ ਬਾਰੇ ਜ਼ਿਆਦਾ ਵਿਦਵਾਨਾਂ ਤੇ ਇਤਿਹਾਸਕਾਰਾਂ ਦਾ ਦਾਅਵਾ ਹੈ ਕਿ ਇਸੇ ਹਵੇਲੀ ਵਿੱਚ ਮਹਾਰਾਜੇ ਦਾ ਜਨਮ ਬੀਬੀ ਰਾਜ ਕੌਰ ਦੀ ਕੁੱਖੋਂ ਹੋਇਆ ਸੀ। ਹਵੇਲੀ ਦੀ ਉਪਰਲੀ ਮੰਜ਼ਿਲ ਦੇ ਇਕ ਕਮਰੇ ਦੇ ਬਾਹਰ ਲੱਗੇ ਪੱਧਰ ਦੀ ਸਿੱਲ੍ਹ ਉੱਤੇ ਅੰਗਰੇਜ਼ੀ ਤੇ ਉਰਦੂ ਵਿੱਚ ‘ਮਹਾਰਾਜਾ ਰਣਜੀਤ ਸਿੰਘ ਜਨਮ ਦੋ ਨਵੰਬਰ 1780’ ਉਕਰਿਆ ਹੋਇਆ ਹੈ। ਇਹ ਸਿੱਲ੍ਹ 1891 ਵਿੱਚਚ ਗੁੱਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਮਿ. ਜੇ ਉਬਾਟਨ ਨੇ ਗੁਜਰਾਂਵਾਲਾ ਦੇ ਸਰਦਾਰਾਂ ਦੀ ਨਿਸ਼ਾਨਦੇਹੀ ‘ਤੇ ਉਪਰੋਕਤ ਹਵੇਲੀ ਦੇ ਉਸ ਕਮਰੇ ਦੇ ਬਾਹਰ ਲਵਾਈ ਸੀ, ਜਿਥੇ ਮਹਾਰਾਜੇ ਦਾ ਜਨਮ ਹੋਇਆ ਦੱਸਿਆ ਗਿਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਇਹ ਹਵੇਲੀ ਭਾਰਤ ਤੋਂ ਗਏ ਸ਼ਰਨਾਰਥੀ ਪਰਵਾਰਾਂ ਨੂੰ ਰਿਹਾਇਸ਼ ਲਈ ਦਿੱਤੀ ਗਈ। ਬਾਅਦ ਵਿੱਚ ਇਹ ਹਵੇਲੀ ਖਾਲੀ ਕਰਵਾ ਕੇ ਇਸ ਵਿੱਚ ਥਾਣਾ ਕਾਇਮ ਕੀਤਾ ਗਿਆ। ਸਾਲ 2006 ਵਿੱਚ ਪੁਰਾਤਤਵ ਵਿਭਾਗ ਪਾਕਿਸਤਾਨ ਨੇ ਥਾਣਾ ਹਟਵਾ ਕੇ ਹਵੇਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਹੁਣ ਇਹ ਹਵੇਲੀ ਵਿਭਾਗ ਦੇ ਕਬਜ਼ੇ ਅਧੀਨ ਹੈ।