ਪਾਕਿ ਵਿੱਚ ਹਿੰਦੂ ਕੁੜੀ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ

ਪੀੜਤ ਨਿਸ਼ਾ

ਲਾਹੌਰ, 11 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਪਿੰਡ ਪਨੁ ਅਕੀਲ ਵਿੱਚ ਹਿੰਦੂ ਮੁਟਿਆਰ ਨਿਸ਼ਾ ਪੁੱਤਰੀ ਦੀਵਾਨ ਮੱਲ ਦਾ ਧਰਮ ਪਰਿਵਰਤਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਕੁਝ ਅਣਪਛਾਤੇ ਲੋਕਾਂ ਨੇ ਹਥਿਆਰਾਂ ਦੇ ਜ਼ੋਰ ਉਤੇ ਨਿਸ਼ਾ (17 ਸਾਲ) ਨੂੰ ਉਸ ਦੇ ਘਰ ਦੇ ਨੇੜਿਉਂ ਅਗਵਾ ਕਰ ਲਿਆ ਸੀ। ਕੁੜੀ ਦੇ ਵਾਰਿਸ ਤੇ ਇਲਾਕੇ ਦੇ ਲੋਕ ਇਸ ਬਾਰੇ ਜਦੋਂ ਪੁਲਸ ਕੋਲ ਮਾਮਲਾ ਦਰਜ ਕਰਵਾਉਣ ਗਏ ਤਾਂ ਪੁਲਸ ਨੇ ਇਸ ਮਾਮਲੇ ਵਿੱਚ ਇਲਾਕੇ ਦੇ ਸੱਤਾਧਾਰੀ ਨੇਤਾ ਦੇ ਲੋਕ ਸ਼ਾਮਲ ਹੋਣ ਕਾਰਨ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਉਤੇ ਕੱਲ੍ਹ ਇਸ ਪਿੰਡ ਪਨੂ ਅਕੀਲ ਦੇ ਲੋਕਾਂ ਨੇ ਇਲਾਕੇ ਦੀ ਪੁਲਸ ਵਿਰੁੱਧ ਪ੍ਰਦਰਸ਼ਨ ਕੀਤਾ। ਬਾਅਦ ਵਿੱਚ ਪੁਲਸ ਵੱਲੋਂ ਪੀੜਤ ਕੁੜੀ ਦੇ ਵਾਰਸਾਂ ਨੂੰ ਨਿਸ਼ਾ ਦੇ ਧਰਮ ਪਰਿਵਰਤਨ ਹੋਣ ਦੀਆਂ ਤਸਵੀਰਾਂ ਸੌਂਪ ਕੇ ਦੱਸਿਆ ਕਿ ਗੁਲਜ਼ਾਰ-ਏ-ਖਲੀਲ ਮਿਸ਼ਨਰੀ ਵੱਲੋਂ ਸਥਾਪਤ ਬਰੁਚਬੰਦੀ ਦਰਗਾਹ ਦੇ ਪੀਰ ਮੁਹੰਮਦ ਯੱਯੂਬ ਜਾਨ ਸਰਹੱਦੀ ਤੋਂ ਨਿਸ਼ਾ ਨੇ ਇਸਲਾਮ ਕਬੂਲ ਕਰ ਲਿਆ ਹੈ। ਪੁਲਸ ਵੱਲੋਂ ਉਕਤ ਤਸਵੀਰਾਂ ਦੇ ਨਾਲ ਹੀ ਦਰਗਾਹ ਵੱਲੋਂ ਨਿਸ਼ਾ ਵੱਲੋਂ ਧਰਮ ਪਰਿਵਰਤਨ ਦਾ ਬਿਆਨ ਵੀ ਉਸ ਦੇ ਪਰਵਾਰ ਨੂੰ ਸੌਂਪਿਆ ਗਿਆ। ਇਸ ਉਤੇ ਪੀੜਤ ਕੁੜੀ ਵੱਲੋਂ ਦਸਖਤ ਕੀਤੇ ਗਏ ਹਨ ਅਤੇ ਇਹ ਬਿਆਨ ਪੀਰ ਸਰਹੱਦੀ ਵੱਲੋਂ ਜਾਰੀ ਕੀਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਉਕਤ ਪੀਰ ਉਤੇ ਸਾਲ 2017 ਦੌਰਾਨ ਦੋ ਹਜ਼ਾਰ ਤੋਂ ਵਧੇਰੇ ਹਿੰਦੂ ਤੇ ਈਸਾਈ ਭਾਈਚਾਰੇ ਦੇ ਲੋਕਾਂ ਦੇ ਧਰਮ ਪਰਿਵਰਤਨ ਕਰਵਾਏ ਜਾਣ ਦਾ ਦੋਸ਼ ਹੈ ਅਤੇ ਉਸ ਦੁਆਰਾ ਜਾਰੀ ਧਰਮ ਪਰਿਵਰਤਨ ਕਰਵਾਏ ਜਾਣ ਸੰਬੰਧੀ ਪੁਲਸ ਵੱਲੋਂ ਕਈ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।