ਪਾਕਿ ਵਿੱਚ ਕੱਟੜਪੰਥੀਆਂ ਨੇ ਅਹਿਮਦੀਆ ਦੀ ਮਸਜਿਦ ਢਾਹ ਦਿੱਤੀ


ਇਸਲਾਮਾਬਾਦ, 24 ਮਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਸਿਆਲਕੋਟ ਵਿਚ ਘੱਟ ਗਿਣਤੀ ਅਹਿਮਦੀਆ ਭਾਈਚਾਰੇ ਦੀ ਇਕ ਮਸਜਿਦ ਨੂੰ ਸੁੰਨੀ ਅੱਤਵਾਦੀਆਂ ਨੇ ਅੱਜ ਵੀਰਵਾਰ ਨੂੰ ਢਾਹ ਦਿੱਤਾ। ਇਹ ਇਸ ਘੱਟ ਗਿਣਤੀ ਉੱਤੇ ਕੀਤੇ ਜਾ ਰਹੇ ਹਮਲਿਆਂ ਦੀ ਤਾਜ਼ਾ ਮਿਸਾਲ ਹੈ। ਢਾਹੇ ਜਾਣ ਸਮੇਂ ਅਹਿਮਦੀਆ ਮਸਜਿਦ ਦੇ ਅੰਦਰ ਕੋਈ ਨਹੀਂ ਸੀ।
ਅੱਜ ਤੜਕੇ ਕੀਤੀ ਗਈ ਇਸ ਕਾਰਵਾਈ ਦੌਰਾਨ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ। ਹਿੰਸਾ ਤੋਂ ਬਚਣ ਲਈ ਅਧਿਕਾਰੀਆਂ ਨੇ ਇਸ ਮਸਜਿਦ ਨੂੰ ਕਈ ਸਾਲ ਪਹਿਲਾਂ ਹੀ ਬੰਦ ਕਰ ਦਿੱਤਾ ਸੀ। ਸੋਸ਼ਲ ਮੀਡੀਆ ਉੱਤੇ ਇਸ ਕਾਰਵਾਈ ਦਾ ਇਕ ਵੀਡੀਓ ਆਇਆ ਹੈ, ਜਿਸ ਵਿਚ ਭੀੜ ਨੂੰ ਮਸਜਿਦ ਨੂੰ ਢਾਹੁੰਦੇ ਦਿਖਾਇਆ ਗਿਆ ਹੈ। ਸਮਝਿਆ ਜਾਂਦਾ ਹੈ ਕਿ 19ਵੀਂ ਸਦੀ ਵਿਚ ਅਹਿਮਦੀਆ ਭਾਈਚਾਰੇ ਦੀ ਸ਼ੁਰੂਆਤ ਕਰਨ ਵਾਲੇ ਮਿਰਜ਼ਾ ਗੁਲਾਮ ਅਹਿਮਦ ਇਸ ਮਸਜਿਦ ਵਿਚ ਆਏ ਸਨ। ਪਾਕਿਸਤਾਨ ਸਰਕਾਰ ਨੇ ਸਾਲ 1974 ਵਿਚ ਅਹਿਮਦੀਆ ਭਾਈਚਾਰੇ ਨੂੰ ਗੈਰ ਇਸਲਾਮੀ ਕਰਾਰ ਦੇ ਦਿੱਤਾ ਸੀ। ਵਰਨਣ ਯੋਗ ਹੈ ਕਿ ਮੁਸਲਿਮ ਬਹੁ-ਗਿਣਤੀ ਦੇਸ਼ ਪਾਕਿਸਤਾਨ ਵਿਚ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਕਾਫੀ ਘੱਟ ਹੈ ਅਤੇ ਸੁੰਨੀ ਅੱਤਵਾਦੀ ਉਨ੍ਹਾਂ ਨੂੰ ਅਕਸਰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।