ਪਾਕਿ ਵਿੱਚ ਆਮ ਚੋਣ ਵਿਵਾਦ ਗ੍ਰਸਤ ਹੋਣ ਦਾ ਦੋਸ਼ ਲੱਗਣ ਲੱਗ ਪਿਆ


ਇਸਲਾਮਾਬਾਦ, 12 ਜੁਲਾਈ (ਪੋਸਟ ਬਿਊਰੋ)- ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਆਗੂ ਰਜ਼ਾ ਰਬਾਨੀ ਤੇ ਸ਼ੈਰੀ ਰਹਿਮਾਨ ਨੇ ਅੱਜ ਵੀਰਵਾਰ ਨੂੰ ਕਿਹਾ ਕਿ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਵਾਦ ਗ੍ਰਸਤ ਹਨ ਤੇ ਇਨ੍ਹਾਂ ਨੂੰ ਨਿਰਪੱਖ ਚੋਣ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਇਸ ਸਬੰਧੀ ਕਈ ਮਿਸਾਲਾਂ ਵੀ ਦਿੱਤੀਆਂ।
ਦੇਸ਼ ਦੀ ਪਾਰਲੀਮੈਂਟ ਦੇ ਉੱਪਰਲੇ ਹਾਊਸ, ਸੈਨੇਟ, ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਰਬਾਨੀ ਨੇ ਦਾਅਵਾ ਕੀਤਾ ਕਿ ਇਸ ਮਹੀਨੇ ਹੋਣ ਵਾਲੀ ਚੋਣ ਇਸ ਕਰ ਕੇ ਵੀ ਵਿਵਾਦ ਗ੍ਰਸਤ ਬਣ ਗਈ ਹੈ ਕਿ ਪਾਕਿਸਤਾਨ ਚੋਣ ਕਮਿਸ਼ਨ ਇਸ ਚੋਣ ਵਿੱਚ ਆਪਣੀ ਸੰਵਿਧਾਨਕ ਭੂਮਿਕਾ ਨਹੀਂ ਨਿਭਾ ਰਿਹਾ। ਅਦਾਲਤ ਨੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸੰਵਿਧਾਨ ਦੀ ਧਾਰਾ 6 ਹੇਠ ਦੋਸ਼ੀ ਕਰਾਰ ਦਿੱਤੇ ਕਿਸੇ ਵਿਅਕਤੀ ਨੂੰ ਕਿਵੇਂ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਮੁਸ਼ੱਰਫ ਦੇਸ਼ ਨਹੀਂ ਪਰਤ ਸਕਿਆ, ਇਸ ਕਰ ਕੇ ਅਦਾਲਤ ਨੇ ਉਸ ਦੇ ਚੋਣ ਲੜਨ ਉੱਤੇ ਰੋਕ ਲਾ ਦਿੱਤੀ।
ਰਬਾਨੀ ਨੇ ਚੋਣ ਕਮਿਸ਼ਨ ਵੱਲੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਕਹਿਣ ਉੱਤੇ ਚੋਣ ਦਾ ਸਮਾਂ 10 ਘੰਟੇ ਕਰਨ ਨੂੰ ਵੀ ਗਲਤ ਕਿਹਾ। ਉਨ੍ਹਾਂ ਕਿਹਾ ਕਿ ਇਕ ਪਾਰਟੀ ਦੇ ਕਹਿਣ ਉੱਤੇ ਚੋਣ ਸਮਾਂ ਕਿਵੇਂ ਵਧਾਇਆ ਜਾ ਸਕਦਾ ਹੈ। ਰਬਾਨੀ ਨੇ ਦੋਸ਼ ਲਾਇਆ ਕਿ ਪੀ ਪੀ ਪੀ ਦੇ ਉਮੀਦਵਾਰਾਂ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਜਾਂ ਪਾਰਟੀ ਬਦਲ ਲੈਣ ਜਾਂ ਆਪਣਾ ਨਾਂ ਵਾਪਸ ਲੈ ਲੈਣ। ਉਸ ਨੇ ਨੈਸ਼ਨਲ ਅਕਾਊਂਟੀਬਿਲਟੀ ਬਿਊਰੋ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਕੇਵਲ ਦੋ ਪਾਰਟੀਆਂ ਉੱਤੇ ਕਾਰਵਾਈ ਕਰ ਰਿਹਾ ਹੈ, ਤੀਜੀ ਪਾਰਟੀ ਵਿਰੁੱਧ ਅਜੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਪਾਰਲੀਮੈਂਟ ਨੂੰ ਭਰੋਸੇ ਵਿੱਚ ਲੈ ਕੇ ਇਸ ਚੋਣ ਵਿੱਚ ਫ਼ੌਜ ਦੀ ਮਦਦ ਲੈਣੀ ਚਾਹੀਦੀ ਹੈ।
ਇਸ ਦੌਰਾਨ ਸੈਨੇਟਰ ਰਹਿਮਾਨ ਨੇ ਚੋਣ ਕਮਿਸ਼ਨਰ ਸਰਦਾਰ ਮੁਹੰਮਦ ਰਜ਼ਾ ਖ਼ਾਨ ਨਾਲ ਮੀਟਿੰਗ ਕਰ ਕੇ ਉਨ੍ਹ੍ਰਾਂ ਨੂੰ ਰਬਾਨੀ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੋਸ਼ ਲਾਇਆ ਕਿ ਸਾਡੀ ਪਾਰਟੀ ਨੂੰ ਚੋਣ ਲੜਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਜ਼ਿਆਦਾ ਲੋਕ ਚਾਹੁੰਦੇ ਹਨ ਆਮ ਚੋਣ ਸ਼ਾਂਤੀ ਪੂਰਵਕ ਨੇਪਰੇ ਚੜ੍ਹੇ।