ਪਾਕਿ ਵਿਦੇਸ਼ ਮੰਤਰੀ ਨੇ ਕਿਹਾ: ਸਾਡੇ ਅੱਡਿਆਂ ਤੋਂ ਅਮਰੀਕੀ ਫੌਜ ਨੇ ਅਫਗਾਨੀਆਂ ਉੱਤੇ 57,800 ਹਮਲੇ ਕੀਤੇ


ਇਸਲਾਮਾਬਾਦ, 5 ਜਨਵਰੀ (ਪੋਸਟ ਬਿਊਰੋ)- ਨਵੇਂ ਸਾਲ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੇ ਗਏ ਇੱਕੋ ਟਵੀਟ ਨੇ ਪਾਕਿਸਤਾਨ ਨੂੰ ਇੰਨਾ ਹਿਲਾ ਦਿੱਤਾ ਹੈ ਕਿ ਲਗਭਗ ਰੋਜ਼ ਇਸਲਾਮਾਬਾਦ ਸਫਾਈ ਦਿੰਦਾ ਦਿਖਾਈ ਦੇ ਰਿਹਾ ਹੈ। ਉਸ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਹੁਣ ਇੱਕ ਤਾਜ਼ੇ ਟਵੀਟਸ ਰਾਹੀਂ ਫਿਰ ਅਮਰੀਕਾ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਭਾਵੁਕ ਬੋਲੀ ਦੇ ਟਵੀਟ ਵਿੱਚ ਆਸਿਫ ਨੇ ਕਿਹਾ, ‘ਤੁਸੀਂ ਪੁੱਛਿਆ ਹੈ ਕਿ ਅਸੀਂ ਕੀ ਕੀਤਾ ਹੈ? ਸਾਡੇ ਫੌਜੀ ਟਿਕਾਣਿਆਂ ਤੋਂ ਤੁਸੀਂ ਅਫਗਾਨਿਸਾਤਨ ਉੱਤੇ 57,800 ਹਮਲੇ ਕੀਤੇ। ਤੁਹਾਡੇ ਵੱਲੋਂ ਸ਼ੁਰੂ ਕੀਤੀ ਜੰਗ ਵਿੱਚ ਸਾਡੇ ਹਜ਼ਾਰਾਂ ਨਾਗਰਿਕਾਂ ਤੇ ਫੌਜੀਆਂ ਦੀਆਂ ਜਾਨਾਂ ਗਈਆਂ ਹਨ।’
ਖਵਾਜ਼ਾ ਆਸਿਫ ਦਾ ਕਹਿਣਾ ਹੈ ਕਿ ‘ਸਾਡੀ ਫੌਜ ਇੱਕ ਅਸਾਵੀਂ ਜੰਗ ਲੜ ਰਹੀ ਹੈ, ਸਾਡੀਆਂ ਕੁਰਬਾਨੀਆਂ ਦੀ ਇੱਕ ਵੱਡੀ ਅਤੇ ਨਾ ਮੁੱਕਣ ਵਾਲੀ ਕਹਾਣੀ ਹੈ।’ ਉਸ ਨੇ ਫੌਜੀ ਸਾਬਕਾ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਉਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ, ‘ਇੱਕ ਹਾਕਮ ਨੇ ਸਿਰਫ ਇੱਕ ਫੋਨ ਕਾਲ ਉਤੇ ਸਮਰਪਣ ਕਰ ਦਿੱਤਾ। ਅਸੀਂ ਭਿਆਨਕ ਖੂਨ-ਖਰਾਬਾ ਝੱਲਿਆ ਹੈ।’ ਆਸਿਫ ਨੇ ਇਹ ਵੀ ਕਿਹਾ ਕਿ ‘ਜੇ ਕੋਈ ਮੂਰਖ ਸੀ ਤਾਂ ਉਹ ਪਾਕਿਸਤਾਨ ਸੀ, ਜੋ ਅਮਰੀਕਾ ਦੀ ਜੰਗ ਵਿੱਚ ਸ਼ਾਮਲ ਹੋਇਆ।’ ਉਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੀਤੇ ਦਿਨੀਂ ਉਨ੍ਹਾਂ ਦੇ ਦੇਸ਼ ਦੇ ਖਿਲਾਫ ਕੀਤੀ ਟਿੱਪਣੀ ਇਹ ਦੱਸਦੀ ਹੈ ਕਿ ਉਹ ‘ਭਾਰਤ ਦੀ ਭਾਸ਼ਾ ਬੋਲ ਰਹੇ ਹਨ।’ ਰਾਸ਼ਟਰੀ ਸੁਰੱਖਿਆ ਬਾਰੇ ਪਾਰਲੀਮੈਂਟਰੀ ਕਮੇਟੀ ਨੂੰ ਜਾਣਕਾਰੀ ਦਿੰਦੇ ਹੋਏ ਖਵਾਜ਼ਾ ਆਸਿਫ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਆਪਣੀ ਨਾਕਾਮੀ ਲਈ ਅਮਰੀਕਾ ਹੁਣ ਪਾਕਿਸਤਾਨ ਨੂੰ ਬਲੀ ਦਾ ਬੱਕਰਾ ਬਣਾ ਰਿਹਾ ਹੈ।