ਪਾਕਿ ਮੰਤਰੀ ਨੇ ਕਿਹਾ: ਅਮਰੀਕਾ ਸਾਨੂੰ ਦੱਸਣਾ ਚਾਹੁੰਦੈ ਕਿ ਭਾਰਤ ਤੋਂ ਕੋਈ ਖਤਰਾ ਨਹੀਂ


ਇਸਲਾਮਾਬਾਦ, 16 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਰੱਖਿਆ ਮੰਤਰੀ ਖੁੱਰਮ ਦਸਤਗੀਰ ਖਾਨ ਦਾ ਕਹਿਣਾ ਹੈ ਕਿ ਅਮਰੀਕਾ ਪਾਕਿਸਤਾਨ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਉਸ ਲਈ ਖਤਰਾ ਨਹੀਂ, ਇਸ ਲਈ ਪਾਕਿਸਤਾਨ ਨੂੰ ਭਾਰਤ ਵੱਲ ਆਪਣਾ ਵਿਹਾਰ ਬਦਲਣਾ ਚਾਹੀਦਾ ਹੈ। ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਸਮੇਂ ਅਮਰੀਕਾ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਗੱਲਬਾਤ ਦਾ ਉਦੇਸ਼ ਪਾਕਿਸਤਾਨ ਤੇ ਅਮਰੀਕਾ ਵਿਚਕਾਰ ਗਲਤਫਹਿਮੀਆਂ ਨੂੰ ਦੂਰ ਕਰਨਾ ਹੈ।
ਇਕ ਅਖਬਾਰ ਦੀ ਰਿਪੋਰਟ ਮੁਤਾਬਕ ਨੈਸ਼ਨਲ ਅਸੈਂਬਲੀ ਵਿਚ ਕੱਲ੍ਹ ਪਾਕਿਸਤਾਨ ਸਰਕਾਰ ਦੀ ਵਿਦੇਸ਼ ਨੀਤੀ ਤੇ ਦੇਸ਼ ਦੀ ਸੁਰੱਖਿਆ ਸਥਿਤੀ ਦੀ ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰੀ ਨੇ ਦੁੱਖ ਜ਼ਾਹਰ ਕੀਤਾ ਕਿ ਕੰਟਰੋਲ ਰੇਖਾ ਅਤੇ ਕੱਚੀ ਸਰਹੱਦ ਉੱਤੇ ਭਾਰਤ ਦੇ ਹਮਲਾਵਰ ਰੁਖ ਵੱਲ ਅਮਰੀਕਾ ਧਿਆਨ ਨਹੀਂ ਦੇ ਰਿਹਾ। ਖੁੱਰਮ ਦਸਤਗੀਰ ਖਾਨ ਨੇ ਦੋਸ਼ ਲਾਇਆ ਕਿ ਭਾਰਤ ਦੀ ਸਮਰੱਥਾ ਤੇ ਇਰਾਦਾ ਦੋਵੇਂ ਪਾਕਿਸਤਾਨ ਪ੍ਰਤੀ ਦੁਸ਼ਮਣੀ ਵਾਲੇ ਹੈ। ਉਸ ਨੇ ਦੋਸ਼ ਲਾਇਆ ਕਿ ‘ਭਾਰਤ ਨੇ ਪਾਕਿਸਤਾਨ ਸਰਹੱਦ ਉੱਤੇ ਫੌਜ, ਸਾਜੋ-ਸਾਮਾਨ ਅਤੇ ਹਥਿਆਰ ਸਭ ਕੁਝ ਇਕੱਠੇ ਕਰ ਰੱਖੇ ਹਨ।’ ਉਨ੍ਹਾਂ ਨੇ ਕਿਹਾ ਕਿ ਕੰਟਰੋਲ ਰੇਖਾ ਦੀ ਉਲੰਘਣਾ ਅਤੇ ਹੋਰ ਨਾਗਰਿਕਾਂ ਦੀ ਹੱਤਿਆ ਦੇ ਮਾਮਲੇ ਵਿਚ ਸਾਲ 2017 ਸਭ ਤੋਂ ਜ਼ਿਆਦਾ ਖਤਰਨਾਕ ਰਿਹਾ। ਉਨ੍ਹਾਂ ਨੇ ਕਿਹਾ, ‘ਭਾਰਤ ਅੱਜ ਵੀ ਫੌਜ ਨਾਲ ਭਰਪੂਰ ਤੇ ਹਮਲਾਵਰ ਗੁਆਂਢੀ ਹੈ।’ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਵਰਤਮਾਨ ਸਰਕਾਰ ਵੱਲੋਂ ਲਗਾਤਾਰ ਦੁਸ਼ਮਣੀ ਭਰਪੂਰ ਤੇ ਪਾਕਿਸਤਾਨ ਵਿਰੋਧੀ ਰੁਖ ਕਾਰਨ ਸ਼ਾਂਤੀ ਦੀ ਪਹਿਲ ਦੇ ਰਸਤੇ ਵਿਚ ਰੁਕਾਵਟ ਪੈਦਾ ਹੋ ਗਈ ਹੈ, ਪਰ ਅਮਰੀਕਾ ਅਫਗਾਨਿਸਤਾਨ ਵਿਰੁੱਧ ਪਾਕਿਸਤਾਨ ਨੂੰ ਬਲੀ ਦਾ ਬਕਰਾ ਬਣਾ ਰਿਹਾ ਹੈ। ਉਨ੍ਹਾਂ ਨੇ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਤੇ ਉਸ ਦੇ ਲੋਕਾਂ ਦੇ ਬਲੀਦਾਨ ਨੂੰ ਯਾਦ ਕਰੇ, ਜਿਨ੍ਹਾਂ ਨੇ ਸਾਲ 2001 ਦੇ ਬਾਅਦ ਤੋਂ ਅੱਤਵਾਦ ਵਿਰੁੱਧ ਯੁੱਧ ਵਿਚ ਯੋਗਦਾਨ ਦਿੱਤਾ ਹੈ।