ਪਾਕਿ ਫੌਜ ਦੀ ਬੈਟ ਟੀਮ ਦਾ ਹਮਲਾ ਪਛਾੜਿਆ, ਦੋ ਅੱਤਵਾਦੀ ਮਾਰੇ


ਸ੍ਰੀਨਗਰ, 5 ਨਵੰਬਰ, (ਪੋਸਟ ਬਿਊਰੋ)- ਭਾਰਤੀ ਫ਼ੌਜ ਨੇ ਐਤਵਾਰ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ਤੋਂ ਕੰਟਰੋਲ ਰੇਖਾ ਨੇੜਲੇ ਇਲਾਕੇ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਕੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਸ੍ਰੀਨਗਰ ਵਿੱਚ ਫੌਜ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਤੋਂ ਉੜੀ ਸੈਕਟਰ ਦੇ ਕਮਲਾਕੋਟ ਦੇ ਦੋਲੰਗਾ ਖੇਤਰ ਵਿੱਚ ਫੌਜ ਦੀ ਇਕ ਗਸ਼ਤ ਪਾਰਟੀ ਨੇ ਅੱਤਵਾਦੀਆਂ ਦੇ ਇਕ ਗਰੁੱਪ ਨੂੰ ਕੰਟਰੋਲ ਰੇਖਾ ਤੋਂ ਏਧਰ ਦਾਖ਼ਲ ਹੁੰਦੇ ਵੇਖਿਆ ਤਾਂ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਲਲਕਾਰਿਆ, ਪਰ ਉਨ੍ਹਾਂ ਨੇ ਗੋਲੀ ਚਲਾਉਣ ਸ਼ੁਰੂ ਕਰ ਦਿੱਤੀ। ਫੌਜੀ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ, ਜਿਹੜੀ ਕਈ ਘੰਟੇ ਤੱਕ ਚੱਲੀ। ਇਸ ਦੇ ਰੁਕਣ ਪਿੱਛੋਂ ਤਲਾਸ਼ੀ ਦੌਰਾਨ 2 ਅੱਤਵਾਦੀਆਂ ਦੀਆਂ ਲਾਸ਼ਾਂ ਤੇ ਭਾਰੀ ਅਸਲ੍ਹਾ ਮਿਲਿਆ ਹੈ। ਇਲਾਕੇ ਵਿੱਚ ਹੋਰ ਅੱਤਵਾਦੀ ਛੁਪੇ ਹੋਣ ਉੱਤੇ ਫੌਜ ਵਲੋਂ ਤਲਾਸ਼ੀ ਜਾਰੀ ਹੈ।
ਇਸ ਦੌਰਾਨ ਜੰਮੂ-ਕਸ਼ਮੀਰ ਪੁਲਿਸ ਦੇ ਮੁਖੀ ਐਸ ਪੀ ਵੈਦ ਨੇ ਟਵਿੱਟਰ ਰਾਹੀਂ ਦੱਸਿਆ ਕਿ ਫੌਜ ਅਤੇ ਪੁਲਿਸ ਨੇ ਐਤਵਾਰ ਸਵੇਰੇ ਉੜੀ ਸੈਕਟਰ ਦੇ ਕਮਲਾਕੋਟ ਦੇ ਦੋਲਜਾ ਇਲਾਕੇ ਵਿੱਚ ਪਾਕਿ ਦੀ ਬਾਰਡਰ ਐਕਸ਼ਨ ਟੀਮ (ਬੈਟ) ਵੱਲੋਂ ਕੀਤਾ ਹਮਲਾ ਨਾਕਾਮ ਕਰਦੇ ਹੋਏ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਉਨ੍ਹਾ ਦੱਸਿਆ ਕਿ ਇਧਰਲੇ ਪਾਸੇ ਕੋਈ ਨੁਕਸਾਨ ਨਹੀਂ ਹੋਇਆ। ਪਿਛਲੇ ਦੋ ਦਿਨਾਂ ਵਿੱਚ ਉੱਤਰੀ ਕਸ਼ਮੀਰ ਵਿੱਚ ਘੁਸਪੈਠ ਦੀ ਇਹ ਦੂਸਰੀ ਵਡੀ ਘਟਨਾ ਹੈ।