ਪਾਕਿ ਪੁਲਸ ਨੇ ਹਮਲਾਵਰ ਸਮਝ ਕੇ ਦੁਕਾਨਦਾਰ ਮਾਰ ਦਿੱਤਾ

imagesਪੇਸ਼ਾਵਰ, 2 ਮਾਰਚ (ਪੋਸਟ ਬਿਊਰੋ)- ਗੜਬੜ ਵਾਲੇ ਪੱਛਮ-ਉੱਤਰੀ ਸੂਬੇ ਖੈਬਰ ਪਖਤੂਨਖਵਾ ਵਿੱਚ ਅਦਾਲਤ ਦੇ ਬਾਹਰ ਪੁਲਸ ਨੇ ਵੀਰਵਾਰ ਇਕ ਦੁਕਾਨਦਾਰ ਨੂੰ ਗਲਤੀ ਨਾਲ ਹਮਲਾਵਰ ਸਮਝ ਕੇ ਮਾਰ ਦਿੱਤਾ।
ਪਾਕਿਸਤਾਨ ਦੇ ਪ੍ਰਸਿੱਧ ਸ਼ਹਿਰ ਮਰਦਾਨ ਦੇ ਜ਼ਿਲਾ ਪੁਲਸ ਮੁਖੀ ਡਾ. ਮੀਆਂ ਮੁਹੰਮਦ ਸਈਦ ਨੇ ਦੱਸਿਆ ਕਿ ਅਦਾਲਤ ਕੰਪਲੈਕਸ ਦੇ ਬਾਹਰ ਸੁਰੱਖਿਆ ਚੌਕੀ ਉੱਤੇ ਦੁਕਾਨਦਾਰ ਉਲਹਾਸ ਖਾਨ ਨੂੰ ਰੁਕਣ ਨੂੰ ਕਿਹਾ ਗਿਆ, ਪਰ ਉਹ ਰੁਕਿਆ ਨਹੀਂ ਸੀ। ਸਾਈਕਲ ਸਵਾਰ ਉਲਹਾਸ ਖਾਨ ਨੇ ਘਬਰਾਹਟ ਵਿੱਚ ਦੌੜਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਉਲਹਾਸ ਨੂੰ ਬੰਬ ਹਮਲਾਵਰ ਹੋਣ ਦੇ ਸ਼ੱਕ ਵਿੱਚ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਓਥੇ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਜਦੋਂ ਉਸ ਦੀ ਸਾਈਕਲ ਦੀ ਜਾਂਚ ਕੀਤੀ ਤਾਂ ਕੋਈ ਵੀ ਵਿਸਫੋਟਕ ਜਾਂ ਹਥਿਆਰ ਨਹੀਂ ਮਿਲਿਆ।
ਵਰਨਣ ਯੋਗ ਹੈ ਕਿ ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਏ ਆਤਮਘਾਤੀ ਧਮਾਕਿਆਂ ਤੋਂ ਬਾਅਦ ਸਰਕਾਰੀ ਦਫਤਰਾਂ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।