ਪਾਕਿ ਪੁਲਸ ਨੇ ਅੱਠ ਅੱਤਵਾਦੀ ਮਾਰੇ, ਕਾਰਵਾਈ ਵਿੱਚ ਪੁਲਿਸ ਦੇ ਦੋ ਜਵਾਨ ਜ਼ਖ਼ਮੀ

pakistani police
ਲਾਹੌਰ, 20 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਦੇ ਸੁਰੱਖਿਆ ਦਸਤਿਆਂ ਨੇ ਕੱਲ੍ਹ ਪੰਜਾਬ ਸੂਬੇ ਵਿੱਚ ਅੱਤਵਾਦੀ ਟਿਕਾਣਿਆਂ ਉੱਤੇ ਛਾਪੇ ਦੌਰਾਨ ਅੱਠ ਅੱਤਵਾਦੀਆਂ ਨੂੰ ਮਾਰ ਸੁੱਟਿਆ। ਇਹ ਸਾਰੇ ਅੱਤਵਾਦੀ ਸੰਗਠਨ ਜਮਾਤ-ਉਲ-ਅਹਿਰਾਰ ਦੇ ਮੈਂਬਰ ਸਨ ਅਤੇ ਅੱਤਵਾਦੀ ਹਮਲੇ ਦੀ ਫਿਰਾਕ ਵਿੱਚ ਸਨ।
ਪੰਜਾਬ ਪੁਲਿਸ ਦੇ ਅੱਤਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਦੇ ਮੁਤਾਬਿਕ ਇਹ ਖੁਫੀਆ ਸੂਚਨਾ ਮਿਲੀ ਸੀ ਕਿ ਲਾਹੌਰ ਤੋਂ 50 ਕਿਲੋਮੀਟਰ ਦੂਰ ਸ਼ੇਖੂਪੁਰਾ ਵਿੱਚ ਕੁਝ ਅੱਤਵਾਦੀ ਲੁਕੇ ਹੋਏ ਹਨ ਅਤੇ ਲਾਅ ਇਨਫੋਰਸਮੈਂਟ ਦੇ ਅਧਿਕਾਰੀਆਂ ਅਤੇ ਲਾਹੌਰ ਅਤੇ ਸ਼ੇਖੂਪੁਰਾ ਦੀਆਂ ਪ੍ਰਮੁੱਖ ਇਮਾਰਤਾਂ ਉੱਤੇ ਹਮਲੇ ਦੀ ਸਾਜ਼ਿਸ਼ ਕਰ ਰਹੇ ਹਨ। ਇਸ ਦੇ ਬਾਅਦ ਸੀ ਟੀ ਡੀ ਟੀਮ ਨੇ ਪੁਲਿਸ ਨਾਲ ਮਿਲ ਕੇ ਨਾਰੰਗ ਮੰਡੀ ਪਿੰਡ ਵਿੱਚ ਅੱਤਵਾਦੀਆਂ ਦੇ ਅੱਡੇ ਉੱਤੇ ਛਾਪਾ ਮਾਰਿਆ ਅਤੇ ਉਨ੍ਹਾਂ ਨੁੰ ਆਤਮ ਸਮੱਰਪਣ ਕਰਨ ਲਈ ਕਿਹਾ। ਅੱਗੋਂ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੁ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਅੱਠ ਅੱਤਵਾਦੀ ਮਾਰੇ ਗਏ ਤੇ ਚਾਰ ਫਰਾਰ ਹੋ ਗਏ। ਮੁਕਾਬਲੇ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਦੋ ਪੁਲਿਸ ਕਮਾਂਡੋ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਇਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੀ ਟੀ ਡੀ ਟੀਮ ਨੇ ਮੌਕੇ ਤੋਂ ਤਿੰਨ ਕਿਲੋ ਵਿਸਫੋਟਕ, ਦੋ ਰਾਈਫਲਾਂ, ਕਈ ਪਿਸਤੌਲਾਂ ਅਤੇ ਆਤਮਘਾਤੀ ਬੈਲਟਾਂ ਬਰਾਮਦ ਕੀਤੀਆਂ ਹਨ। ਪੰਜਾਬ ਵਿੱਚ ਜਮਾਤ-ਉਲ-ਅਹਿਰਾਰ ਕਈ ਬੰਬ ਧਮਾਕੇ ਕਰ ਚੁੱਕਾ ਹੈ।