ਪਾਕਿ ਨੇ ਮੰਨਿਆ: ਅਮਰੀਕਾ ਨਾਲ ਕੱਟੀ ਕਰ ਦੇਣ ਜਾਂ ਦਿਨ ਕੱਟਣ ਬਾਰੇ ਗੱਲਬਾਤ ਜਾਰੀ


* ਹਾਫਿਜ਼ ਸਈਦ ਦੇ ਮਾਮਲੇ ਵਿੱਚ ਚੁੱਪ ਵੱਟੀ
ਇਸਲਾਮਾਬਾਦ, 11 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਨੇ ਮੰਨਿਆ ਹੈ ਕਿ ਅਮਰੀਕਾ ਨਾਲ ਸੁਰੱਖਿਆ ਸਹਿਯੋਗ ਬਾਰੇ ਗੱਲਬਾਤ ਅਜੇ ਜਾਰੀ ਹੈ। ਅਮਰੀਕਾ ਨੇ ਕੁਝ ਦਿਨ ਪਹਿਲਾਂ ਪਾਕਿਸਤਾਨ ਨੂੰ ਕਰੀਬ 2 ਅਰਬ ਅਮਰੀਕੀ ਡਾਲਰ ਦੀ ਫੌਜੀ ਮਦਦ ਦੇਣ ਉੱਤੇ ਰੋਕ ਲਾ ਦਿੱਤੀ ਸੀ। ਇਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਉੱਤੇ ਅਫਗਾਨਿਸਤਾਨੀ ਤਾਲਿਬਾਨ ਤੇ ਹੱਕਾਨੀ ਨੈੱਟਵਰਕ ਨੂੰ ਪਨਾਹ ਦੇਣ ਦਾ ਦੋਸ਼ ਵੀ ਲਾਇਆ ਸੀ।
ਅਮਰੀਕਾ-ਪਾਕਿਸਤਾਨ ਸਬੰਧਾਂ ਅਤੇ ਦਹਿਸ਼ਤਗਰਦੀ ਵਿਰੁੱਧ ਜੰਗ ਬਾਰੇ ਉਨ੍ਹਾਂ ਦੇ ਸਹਿਯੋਗ ਬਾਰੇ ਪ੍ਰਤੀਕਿਰਿਆ ਦੇਂਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਦ੍ਰਿੜ੍ਹਤਾ ਨਾਲ ਆਪਸੀ ਸਨਮਾਨ ਅਤੇ ਵਿਸ਼ਵਾਸ ਦੀ ਲੋੜ ਹੈ। ਅੱਜ ਦੀ ਪ੍ਰੈੱਸ ਬ੍ਰੀਫਿੰਗ ਵਿੱਚ ਮੁਹੰਮਦ ਫੈਜ਼ਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸੁਰੱਖਿਆ ਸਹਿਯੋਗ ਦੇ ਮੁੱਦੇ ਉੱਤੇ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਹਾਂ ਤੇ ਇਸ ਬਾਰੇ ਵਿਸਥਾਰ ਵਿੱਚ ਗੱਲਬਾਤ ਦੀ ਉਡੀਕ ਹੈ। ਫੈਜ਼ਲ ਨੇ ਕਿਹਾ ਕਿ ਇਸ ਦੀ ਸ਼ਲਾਘਾ ਹੋਣੀ ਚਾਹੀਦੀ ਹੈ ਕਿ ਪਾਕਿਸਤਾਨ ਨੇ ਆਪਣੇ ਸਾਧਨਾਂ ਨਾਲ ਵੱਡੇ ਪੈਮਾਨੇ ਉੱਤੇ ਅੱਤਵਾਦ ਵਿਰੁੱਧ ਲੜਾਈ ਲੜੀ ਹੈ, ਜਿਸ ਦੀ ਲਾਗਤ 15 ਸਾਲਾਂ ਵਿੱਚ 123 ਅਰਬ ਅਮਰੀਕੀ ਡਾਲਰ ਬਣਦੀ ਹੈ। ਸਾਡਾ ਵਿਸ਼ਵਾਸ ਹੈ ਕਿ ਸਾਡੀਆਂ ਕੋਸ਼ਿਸ਼ਾਂ ਨਾਲ ਅਲ-ਕਾਇਦਾ ਅਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਖਤਮ ਕਰਨ ਵਿੱਚ ਮਦਦ ਮਿਲੀ ਹੈ।
ਇਸ ਦੌਰਾਨ ਪਾਕਿਸਤਾਨ ਵਿੱਚ ਤਾਲਿਬਾਨ ਅਗਵਾਈ ਦੀ ਮੌਜੂਦਗੀ ਬਾਰੇ ਪੁੱਛੇ ਜਾਣ ਉੱਤੇ ਫੈਜ਼ਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਦੋਸ਼ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਇਸ ਖਿੱਤੇ ਵਿੱਚ ਅੱਤਵਾਦ ਨਾਲ ਨਿਪਟਣ ਲਈ ਅਮਰੀਕਾ ਦਾ ਸਮਰਥਨ ਕੀਤਾ ਹੈ। ਦੋਵੇਂ ਪੱਖ ਗੱਲਬਾਤ ਦਾ ਮਹੱਤਵ ਸਮਝਦੇ ਹਨ। ਪਾਕਿਸਤਾਨ ਨੂੰ ਅਮਰੀਕਾ ਮਦਦ ਰੋਕੇ ਜਾਣ ਦੇ ਅਮਰੀਕੀ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਇਕਤਰਫਾ ਕਦਮ ਹੈ, ਜਿਸ ਨਾਲ ਇਲਾਕੇ ਦੀ ਸਥਿਰਤਾ ਉੱਤੇ ਨਾਕਾਰਾਤਮਕ ਅਸਰ ਪਵੇਗਾ।
ਦੂਸਰੇ ਪਾਸੇ ਮੁੰਬਈ ਦੇ ਦਹਿਸ਼ਤਗਰਦ ਹਮਲਿਆਂ ਦੇ ਮੁੱਖ ਦੋਸ਼ੀ ਹਾਫਿਜ਼ ਸਈਦ ਦੇ ਖਿਲਾਫ ਕਾਰਵਾਈ ਕਰਨ ਦੇ ਸਵਾਲ ਉੱਤੇ ਪਾਕਿਸਤਾਨ ਸਰਕਾਰ ਦੇ ਇਸ ਬੁਲਾਰੇ ਨੇ ਚੁੱਪ ਧਾਰ ਲਈ, ਪਰ ਏਨਾ ਕੁ ਕਿਹਾ ਕਿ ਪਾਕਿਸਤਾਨ ਆਪਣੀਆਂ ਅੰਤਰਰਾਸ਼ਟਰੀ ਜ਼ਿੰਮੇਦਾਰੀਆਂ ਨੂੰ ਗੰਭੀਰਤਾ ਨਾਲ ਲੈਂਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਹਾਫਿਜ਼ ਸਈਦ ਸਮੇਤ ਕਈ ਵਿਅਕਤੀਆਂ ਤੇ ਗਰੁੱਪਾਂ ਦੇ ਖਿਲਾਫ ਯੂ ਐਨ ਪਾਬੰਦੀਆਂ ਲਾਗੂ ਕਰਨ ਲਈ ਪਾਕਿਸਤਾਨ ਦੀ ਸਰਕਾਰ ਗੰਭੀਰ ਹੈ। ਜਿਥੇ ਤੱਕ ਹਾਫਿਜ਼ ਸਈਦ ਦਾ ਸਬੰਧ ਹੈ, ਅਸੀਂ ਇਹੋ ਜਿਹੇ ਲੋਕਾਂ ਅਤੇ ਸੰਸਥਾਵਾਂ ਨੂੰ ਫ੍ਰੀਜ਼ ਕਰਨ, ਹਥਿਆਰਾਂ ਉੱਤੇ ਪਾਬੰਦੀਆਂ ਤੇ ਯਾਤਰਾ ਉੱਤੇ ਰੋਕ ਬਾਰੇ ਯੂ ਐੱਨ ਪਾਬੰਦੀਆਂ ਲਾਗੂ ਕਰ ਰਹੇ ਹਾਂ।