ਪਾਕਿ ਨੂੰ ਭਾਰਤ ਦੀ ਚਿਤਾਵਨੀ, ਨਾ ਸੁਧਰੋਗੇ ਤਾਂ ਫਿਰ ਵੀ ਸਰਜੀਕਲ ਸਟਰਾਈਕ ਹੋ ਸਕਦੈ

ਲੈਫਟੀਨੈਂਟ ਜਨਰਲ ਦੇਵਰਾਜ ਅੰਬੂ

ਲੈਫਟੀਨੈਂਟ ਜਨਰਲ ਦੇਵਰਾਜ ਅੰਬੂ

ਊਧਮਪੁਰ (ਜੰਮੂ-ਕਸ਼ਮੀਰ), 8 ਸਤੰਬਰ (ਪੋਸਟ ਬਿਊਰੋ)- ਭਾਰਤੀ ਫੌਜ ਦੀ ਉੱਤਰੀ ਕਮਾਨ ਦੇ ਜਨਰਲ ਅਫਸਰ ਇਨ ਕਮਾਂਡ (ਜੀ ਓ ਸੀ) ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਜੇ ਪਾਕਿਸਤਾਨ ਨਾ ਸੁਧਰਿਆ ਤਾਂ ਫਿਰ ਸਰਜੀਕਲ ਸਟਰਾਈਕਲ ਵਰਗੀ ਕਾਰਵਾਈ ਹੋ ਸਕਦੀ ਹੈ। ਪਾਕਿਸਤਾਨ ਵੱਲੋਂ ਅੱਤਵਾਦੀ ਘੁਸਪੈਠ ਅਤੇ ਸਰਹੱਦ ‘ਤੇ ਫਾਇਰਿੰਗ ਵਿੱਚ ਕਮੀ ਨਾ ਆਉਣ ਬਾਰੇ ਉਨ੍ਹਾਂ ਨੇ ਕੱਲ੍ਹ ਇਹ ਗੱਲ ਕਹੀ।
ਜਨਰਲ ਦੇਵਰਾਜ ਨੇ ਕਿਹਾ ਕਿ ਸਰਜੀਕਲ ਸਟਰਾਈਕ ਨਾਲ ਅਸੀਂ ਸਾਫ ਕਰ ਦਿੱਤਾ ਹੈ ਕਿ ਕੰਟਰੋਲ ਰੇਖਾ (ਐਲ ਓ ਸੀ) ਕੋਈ ਅਜਿਹੀ ਲਾਈਨ ਨਹੀਂ, ਜਿਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਅਸੀਂ ਜਦ ਚਾਹੀਏ ਉਸ ਨੂੰ ਪਾਰ ਕਰਨ ਦੇ ਸਮਰੱਥ ਹਾਂ। ਜ਼ਰੂਰਤ ਪਈ ਤਾਂ ਅਸੀਂ ਉਸ ਪਾਰ ਜਾਵਾਂਗੇ ਅਤੇ ਹਮਲਾ ਵੀ ਕਰਾਂਗੇ।
ਟੈਰਰ ਫੰਡਿੰਗ ਕੇਸ ਵਿੱਚ ਵੱਖਵਾਦੀ ਨੇਤਾਵਾਂ ‘ਤੇ ਐੱਨ ਆਈ ਏ ਦੇ ਐਕਸ਼ਨ ‘ਤੇ ਉਨ੍ਹਾਂ ਨੇ ਕਿਹਾ ਕਿ ਕਾਰਵਾਈ ਦੇ ਬਾਅਦ ਘਾਟੀ ਵਿੱਚ ਪੱਥਰਬਾਜ਼ੀ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਉਨ੍ਹਾਂ ਨੇ ਮੰਨਿਆ ਕਿ ਐੱਲ ਓ ਸੀ ਨਾਲ ਲੱਗਦੇ ਇਲਾਕਿਆਂ ਵਿੱਚ ਅੱਤਵਾਦੀ ਲਾਂਚ ਪੈਡਸ ਅਤੇ ਕੈਂਪਾਂ ਵਿੱਚ ਬੀਤੇ ਇੱਕ ਸਾਲ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ, ਪੀਰ ਪੰਜਾਲ ਦੇ ਦੱਖਣ ਅਤੇ ਉੱਤਰ ਵਿੱਚ ਵੱਡੇ ਪੱਧਰ ਉੱਤੇ ਅੱਤਵਾਦੀ ਕੈਂਪ ਅਤੇ ਲਾਂਚ ਪੈਡ ਹਨ। ਉਨ੍ਹਾਂ ਦੀ ਗਿਣਤੀ ਵਿੱਚ ਕਮੀ ਨਹੀਂ ਆਈ। ਜਨਰਲ ਦੇਵਰਾਜ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਸਤੰਬਰ ਵਿੱਚ ਐੱਲ ਓ ਸੀ ਟੱਪ ਕੇ ਸਰਜੀਕਲ ਸਟਰਾਈਕ ਕਰਨ ਵਾਲੇ ਅੱਠ ਫੌਜੀਆਂ ਨੂੰ ਕੱਲ੍ਹ ਉਤਰੀ ਕਮਾਨ ਵਿੱਚ ਸ਼ੌਰਿਆ ਚੱਕਰ ਤੇ ਸੈਨਾ ਮੈਡਲ ਨਾਲ ਨਵਾਜਿਆ ਗਿਆ। ਐੱਲ ਓ ਸੀ ਦੇ ਪਾਰਲੇ ਹਾਲਾਤ ਬਾਰੇ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਘਾਟੀ ਅਤੇ ਜੰਮੂ ਵਿੱਚ ਘੁਸਪੈਠ ਦੀਆਂ ਕਈ ਕੋਸ਼ਿਸ਼ਾਂ ਹੋਈਆਂ ਹਨ, ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਨਾਕਾਮ ਰਹੀਆਂ ਹਨ।