ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਨੂੰ ਚੋਣ ਲੜਨ ਦੀ ਮਨਜ਼ੂਰੀ ਮਿਲ ਗਈ


ਲਾਹੌਰ, 5 ਜੁਲਾਈ, (ਪੋਸਟ ਬਿਊਰੋ)- ਅੱਜ ਵੀਰਵਾਰ ਨੂੰ ਲਾਹੌਰ ਹਾਈ ਕੋਰਟ ਨੇ ਅਪੀਲ ਟ੍ਰਿਬਿਊਨਲ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਸਾਰੀ ਉਮਰ ਚੋਣ ਲੜਨ ਦੇ ਲਈ ਅਯੋਗ ਠਹਿਰਾਇਆ ਗਿਆ ਅਤੇ ਅਗਲੀਆਂ ਪਾਰਲੀਮੈਂਟ ਚੋਣਾਂ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਚੋਣ ਖੇਤਰ ਰਾਵਲਪਿੰਡੀ-1 ਤੋਂ ਚੋਣ ਲੜਨ ਤੋਂ ਰੋਕ ਦਿੱਤਾ ਗਿਆ ਸੀ।
ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸੁਣਵਾਈ ਲਾਹੌਰ ਹਾਈ ਕੋਰਟ ਨੇ ਪੰਜਾਬ ਦੇ ਚੋਣ ਅਪੀਲ ਟ੍ਰਿਬਿਊਨਲ ਦਾ ਆਦੇਸ਼ ਰੱਦ ਕਰਦੇ ਹੋਏ ਅੱਬਾਸੀ ਨੂੰ 25 ਜੁਲਾਈ ਨੂੰ ਮੱਰੀ ਤੋਂ ਚੋਣ ਲੜਨ ਦੀ ਮਨਜ਼ੂਰੀ ਦੇ ਦਿੱਤੀ ਹੈ। ਟ੍ਰਿਬਿਊਨਲ ਨੇ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਨੂੰ ਤੱਥ ਲੁਕਾਉਣ ਦੇ ਦੋਸ਼ ਹੇਠ ਚੋਣ ਲੜਨ ਦੇ ਅਯੋਗ ਐਲਾਨ ਕਰ ਦਿੱਤਾ ਸੀ। ਪਹਿਲਾਂ ਟ੍ਰਿਬਿਊਨਲ ਨੇ ਇੱਕ ਪਟੀਸ਼ਨ ਕਰਤਾ ਮਸੂਦ ਅਹਿਮਦ ਅੱਬਾਸੀ ਦੀ ਦਲੀਲ ਮੰਨ ਲਈ ਸੀ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਸ਼ਾਹਿਦ ਖਾਕਾਨ ਅੱਬਾਸੀ ਨੇ ਨਾਮਜ਼ਦਦੀ ਪ੍ਰਕਿਰਿਆ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ।
ਅੱਜ ਹਾਈ ਕੋਰਟ ਨੇ ਇਹ ਆਦੇਸ਼ ਰੱਦ ਕਰ ਦਿੱਤਾ ਹੈ। ਅੱਬਾਸੀ ਨੇ ਪਟੀਸ਼ਨ ਕਰ ਕਿਹਾ ਸੀ ਕਿ ਟ੍ਰਿਬਿਊਨਲ ਨੇ ਆਪਣੇ ਅਧਿਕਾਰ ਖੇਤਰ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਸੀ ਕਿ ਟ੍ਰਿਬਿਊਨਲ ਕਿਸੇ ਵੀ ਉਮੀਦਵਾਰ ਦੇ ਦਸਤਾਵੇਜ ਸਵੀਕਾਰ ਕਰ ਸਕਦਾ ਜਾਂ ਰੱਦ ਕਰ ਸਕਦਾ ਹੈ, ਪਰ ਕਿਸੇ ਉਮੀਦਵਾਰ ਨੂੰ ਉਮਰ ਭਰ ਲਈ ਅਯੋਗ ਕਰਨ ਦਾ ਅਧਿਕਾਰ ਉਸ ਕੋਲ ਨਹੀਂ। ਉਂਜ ਇਸ ਦੌਰਾਨ ਬੁੱਧਵਾਰ ਨੂੰ ਸੁਣਵਾਈ ਵੇਲੇ ਕੋਰਟ ਨੇ ਅੱਬਾਸੀ ਨੂੰ ਨਿਆਂ ਪਾਲਿਕਾ ਵਿਰੁੱਧ ਅਜਿਹੀ ਟਿੱਪਣੀ ਨਾ ਕਰਨ ਨੂੰ ਕਿਹਾ ਸੀ, ਜਿਸ ਨਾਲ ਸਿਸਟਮ ਦਾ ਨੁਕਸਾਨ ਹੁੰਦਾ ਹੋਵੇ।