ਪਾਕਿ ਦੇ ਨਾਲ ਚੀਨ ਆਪਣਾ ਫੌਜੀ ਸਹਿਯੋਗ ਹੋਰ ਵਧਾਏਗਾ

pak and china
ਬੀਜਿੰਗ, 17 ਮਾਰਚ (ਪੋਸਟ ਬਿਊਰੋ)- ਚੀਨ ਦੇ ਅਧਿਕਾਰਕ ਮੀਡੀਆ ਅਨੁਸਾਰ ਚੀਨ ਆਪਣੇ ਦੋਸਤ ਪਾਕਿਸਤਾਨ ਨਾਲ ਮਿਲ ਕੇ ਬੈਲਿਸਟਿਕ ਮਿਜ਼ਾਈਲ, ਕਰੂਜ਼ ਮਿਜ਼ਾਈਲ ਅਤੇ ਬਹੁ-ਉਦੇਸ਼ੀ ਲੜਾਕੂ ਜਹਾਜ਼ਾਂ ਦੇ ਉਤਪਾਦਨ ਵਿੱਚ ਫੌਜੀ ਸਹਿਯੋਗ ਹੋਰ ਵਧਾਏਗਾ। ਇਹ ਖ਼ਬਰ ਉਸ ਸਮੇਂ ਆਈ ਹੈ, ਜਦੋਂ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਨੇ ਚੀਨ ਦੇ ਸਰਵ ਉੱਚ ਅਧਿਕਾਰੀ ਨਾਲ ਉੱਥੇ ਮੁਲਾਕਾਤ ਕੀਤੀ ਹੈ।
ਪਾਕਿ ਫੌਜ ਦੇ ਮੁਖੀ ਦਾ ਅਹੁਦਾ ਸੰਭਾਲਣ ਪਿੱਛੋਂ ਆਪਣੀ ਪਹਿਲੀ ਯਾਤਰਾ ਉੱਤੇ ਚੀਨ ਪਹੁੰਚੇ ਜਨਰਲ ਕਮਰ ਜਾਵੇਦ ਬਾਜਵਾ ਨੇ ਇਸ ਵੀਰਵਾਰ ਨੂੰ ਸੈਂਟਰਲ ਮਿਲਟਰੀ ਕਮਿਸ਼ਨ ਅਧੀਨ ਆਉਂਦੇ ਜਾਇੰਟ ਸਟਾਫ ਡਿਪਾਰਟਮੈਂਟ ਦੇ ਮੁਖੀ ਜਨਰਲ ਫੰਗ ਫੁੰਗੁਈ ਨਾਲ ਮੁਲਾਕਾਤ ਕੀਤੀ। ਜਨਰਲ ਬਾਜਵਾ ਨੇ ਚੀਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਝਾਗ ਗਾਓਲੀ, ਸੈਂਟਰਲ ਮਿਲਟਰੀ ਕਮਿਸ਼ਨ ਦੇ ਉਪ ਪ੍ਰਧਾਨ ਜਨਰਲ ਫੈਨ ਚਾਂਗਲਾਂਗ ਅਤੇ ਪੀਪਲਜ਼ ਲਿਬਰੇਸ਼ਨ ਆਰਮੀ ਦੇ ਕਮਾਂਡਰ ਜਨਰਲ ਝਾਊਚੇਂਗ ਨਾਲ ਮੁਲਾਕਾਤ ਕਰਕੇ ਖੇਤਰੀ ਸੁਰੱਖਿਆ, ਆਰਥਿਕ ਫੌਜੀ ਸਹਿਯੋਗ ਅਤੇ ਇਕ-ਦੂਜੇ ਦੇ ਹਿੱਤਾਂ ਬਾਰੇ ਚਰਚਾ ਕੀਤੀ। ਫੰਗ ਨੇ ਕਿਹਾ, ‘ਲੰਬੇ ਸਮੇਂ ਦੇ ਰਣਨੀਤਕ ਸਾਂਝੀਦਾਰ (ਪਾਕਿਸਤਾਨ) ਨੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਬਦਲਾਅ ਕੀਤਾ ਹੈ।
ਚੀਨੀ ਫੌਜ ਵਿੱਚ ਕੰਮ ਕਰ ਚੁੱਕੇ ਫੌਜ ਦੇ ਜਾਣਕਾਰ ਸਾਂਗ ਝਾਂਗਪਿੰਗ ਨੇ ਇਕ ਸਰਕਾਰੀ ਅਖ਼ਬਾਰ ਨੂੰ ਦੱਸਿਆ ਕਿ ਗੱਲਬਾਤ ਨਾਲ ਚੀਨ ਅਤੇ ਪਾਕਿਸਤਾਨ ਵਿਚਾਲੇ ਲੈਣ-ਦੇਣ ਵਧੇਗਾ ਅਤੇ ਇਨ੍ਹਾਂ ਸੰਬੰਧਾਂ ਦੀ ਗਹਿਰਾਈ ਆਵੇਗੀ। ਇਸ ਦੌਰਾਨ ਫੌਜੀ ਤਕਨੀਕ ਵਾਲੇ ਖੇਤਰ ਵਿੱਚ ਨਵੇਂ ਸਹਿਯੋਗ ਉੱਤੇ ਵੀ ਚਰਚਾ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਬੈਲਿਸਟਿਕ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ, ਜਹਾਜ਼ ਵਿਰੋਧੀ ਮਿਜ਼ਾਈਲਾਂ ਅਤੇ ਮੁੱਖ ਯੁੱਧ ਟੈਂਕ ਬਣਾਉਣ ਨੂੰ ਚੀਨ ਦੀ ਮਨਜ਼ੂਰੀ ਇਸ ਏਜੰਡੇ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਅਤੇ ਪਾਕਿਸਤਾਨ ਵਿਚਕਾਰ ਫੌਜੀ ਸਹਿਯੋਗ ਨੂੰ ਹੋਰ ਵਧਾਇਆ ਜਾਵੇਗਾ, ਖਾਸ ਕਰਕੇ ਹਥਿਆਰਾਂ ਅਤੇ ਅੱਤਵਾਦ ਵਿਰੋਧੀ ਖੇਤਰਾਂ ਵਿੱਚ ਇਹ ਸਹਿਯੋਗ ਵਧਾਏ ਜਾਣ ਦੀ ਉਮੀਦ ਹੈ।