ਪਾਕਿ ਦੇ ਜੱਜਾਂ ਨੇ ‘ਅਸਲੀ ਸ਼ੇਰ’ ਦੀ ਪਛਾਣ ਵੀ ਦੱਸ ਦਿੱਤੀ


ਇਸਲਾਮਾਬਾਦ, 16 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਸੋਮਵਾਰ ਨੂੰ ਜੱਜਾਂ ਨੂੰ ‘ਅਸਲੀ ਸ਼ੇਰ’ ਦੱਸ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਦਾਲਤ ਆਪਣੇ ਖਿਲਾਫ ਬਿਆਨਾਂ ਨੂੰ ਲੈ ਕੇ ਸੰਜਮ ਵਰਤ ਰਹੀ ਹੈ। ਉਨ੍ਹਾਂ ਦਾ ਇਹ ਬਿਆਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਬਾਰੇ ਆਇਆ ਹੈ, ਜਿਹੜੇ ਪਿਛਲੇ ਸਾਲ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਿਆਂ ਪਾਲਿਕਾ ਵਿਰੋਧੀ ਬਿਆਨ ਦੇ ਰਹੇ ਹਨ।
ਵਰਨਣ ਯੋਗ ਹੈ ਕਿ 68 ਸਾਲਾ ਨਵਾਜ਼ ਸ਼ਰੀਫ ਨੂੰ ਉਨ੍ਹਾਂ ਦੇ ਸਮਰਥਕ ‘ਪੰਜਾਬ ਦਾ ਸ਼ੇਰ’ ਕਹਿੰਦੇ ਹਨ ਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦਾ ਚੋਣ ਨਿਸ਼ਾਨ ਵੀ ਸ਼ੇਰ ਹੈ। ਚੀਫ ਜਸਟਿਸ ਨੇ ਕਿਹਾ ਕਿ ਮੈਂ ਕਿਸੇ ਸ਼ੇਰ ਨੂੰ ਨਹੀਂ ਜਾਣਦਾ। ਉਨ੍ਹਾਂ ਨੇ ਸਾਥੀ ਜੱਜਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ‘ਇਹ ਅਸਲੀ ਸ਼ੇਰ ਹਨ।’ ਚੀਫ ਜਸਟਿਸ ਤਿੰਨ ਮੈਂਬਰੀ ਬੈਂਚ ਦੀ ਪ੍ਰਧਾਨਗੀ ਕਰ ਰਹੇ ਸਨ। ਜਿਓ ਟੀ ਵੀ ਦੇ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਵੱਡਿਆਂ ਨੂੰ ਜੋ ਸਨਮਾਨ ਦਿੱਤਾ ਜਾਂਦਾ ਹੈ, ਓਨਾ ਹੀ ਸਨਮਾਨ ਜੱਜਾਂ ਵੀ ਮਿਲਣਾ ਚਾਹੀਦਾ ਹੈ। ਚੀਫ ਜਸਟਿਸ ਨੇ ਮੀਡੀਆ ਕਮਿਸ਼ਨ ਵਾਲੇ ਕੇਸ ਦੇ ਲਈ ਹੋ ਰਹੀ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ।
ਅਸਲ ਵਿੱਚ ਸੀਨੀਅਰ ਪੱਤਰਕਾਰ ਹਾਮਿਦ ਮੀਰ ਅਤੇ ਅਬਸਾਰ ਆਲਮ ਨੇ 2013 ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਮੀਡੀਆ ਦੇ ਸਾਹਮਣੇ ਮੁੱਦਿਆਂ ਅਤੇ ਸਰਕਾਰ ਦੇ ਮੀਡੀਆ ਨੂੰ ਪ੍ਰਭਾਵਿਤ ਕਰਨ ਦੇ ਗੁਪਤ ਫੰਡ ਦੀ ਵਰਤੋਂ ਦਾ ਮੁੱਦਾ ਚੁੱਕਿਆ ਗਿਆ ਹੈ। ਜਸਟਿਸ ਨਿਸਾਰ ਨੇ ਕਿਹਾ ਕਿ ਅਦਾਲਤ ਸੰਜਮ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੇ ਫੈਸਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਮੂਹਰੇ ਨਿਆਂ ਪਾਲਿਕਾ ਵਿਰੋਧੀ ਨਾਰੇ ਲਾਏ ਗਏ।
ਨਿਆਂ ਪਾਲਿਕਾ ਦੇ ਨਿੰਦਕਾਂ ਦਾ ਜ਼ਿਕਰ ਕਰਦੇ ਹੋਏ ਚੀਫ ਜਸਟਿਸ ਨੇ ਕਿਹਾ ਕਿ ਉਹ ਔਰਤਾਂ ਪਿੱਛੇ ਲੁਕ ਜਾਂਦੇ ਹਨ ਪਰ ਜੇ ਉਨ੍ਹਾਂ ਦੇ ਅੰਦਰ ਕੋਈ ਸਨਮਾਨ ਹੋਵੇ ਤਾਂ ਖੁਦ ਸਾਹਮਣੇ ਆਉਣ। ਉਨ੍ਹਾ ਨੇ ਕਿਹਾ ਕਿ ਸੁਪਰੀਮ ਕੋਰਟ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਵੀ ਰੈਗੂਲੇਟਰੀ ਐਕਟ ਤੋਂ ਸਰਕਾਰ ਦਾ ਕੁੱਲ ਕੰਟਰੋਲ ਖਤਮ ਕਰਕੇ ਇਸ ਸੰਸਥਾ ਨੂੰ ਸੁਤੰਤਰ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉੱਤੇ ਕੋਈ ਤਲਵਾਰ ਨਹੀਂ ਲਟਕ ਰਹੀ, ਪਰ ਇਹ ਕਰ ਦਿੱਤਾ ਜਾਣਾ ਚਾਹੀਦਾ ਹੈ। ਸੁਣਵਾਈ ਮੌਕੇ ਅਟਾਰਨੀ ਜਨਰਲ ਰਾਣਾ ਵਕਾਰ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਸਰਕਾਰ ਨੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਪੱਤਰਕਾਰ ਤੇ ਪਾਕਿਸਤਾਨ ਬ੍ਰਾਡਕਾਸਟਰਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਸ਼ਾਮਲ ਹਨ। ਇਹ ਕਮੇਟੀ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰੇਗੀ, ਇਸ ਦੇ ਪ੍ਰਧਾਨ ਦੇ ਤੌਰ ਉੱਤੇ ਸਹੀ ਵਿਅਕਤੀ ਦੀ ਚੋਣ ਕਰੇਗੀ। ਚੀਫ ਜਸਟਿਸ ਨੇ ਕਿਹਾ ਕਿ ਇਸ ਵਿੱਚ ਕਾਫੀ ਸਮਾਂ ਲੱਗੇਗਾ, ਪਰ ਵਕਾਰ ਨੇ ਭਰੋਸਾ ਦਿੱਤਾ ਕਿ ਇਹ ਪ੍ਰਕਿਰਿਆ ਤਿੰਨ ਹਫਤਿਆਂ ਵਿੱਚ ਪੂਰੀ ਹੋ ਜਾਵੇਗੀ।