ਪਾਕਿ ਦੇ ਖਜ਼ਾਨਾ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਕੋਰਟ ਵਿਚ ਪੇਸ਼

isaq dar
ਇਸਲਾਮਾਬਾਦ, 16 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਖਜ਼ਾਨਾ ਮੰਤਰੀ ਇਸਹਾਕ ਡਾਰ ਇੱਕ ਵਾਰ ਫਿਰ ਭ੍ਰਿਸ਼ਟਾਚਾਰ ਦੇ ਕੇਸ ਦਾ ਸਾਹਮਣਾ ਕਰਨ ਲਈ ਸੋਮਵਾਰ ਨੂੰ ਜਵਾਬਦੇਹੀ ਅਦਾਲਤ ਸਾਹਮਣੇ ਪੇਸ਼ ਹੋਏ। ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ ਏ ਬੀ) ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਯੋਗ ਕਰਾਰ ਦਿੱਤੇ ਗਏ ਨਵਾਜ਼ ਸ਼ਰੀਫ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਖਜ਼ਾਨਾ ਮੰਤਰੀ ਇਸਹਾਕ ਡਾਰ ਦੇ ਵਿਰੁੱਧ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਤਿੰਨ ਕੇਸ ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਵਿਚ ਦਰਜ ਕੀਤੇ ਹਨ।
67 ਸਾਲ ਇਸਹਾਕ ਡਾਰ ਅੱਜ ਅਦਾਲਤ ਵਿਚ ਪੇਸ਼ ਹੋਏ ਪਰ ਉਨ੍ਹਾਂ ਦੇ ਮੁੱਖ ਵਕੀਲ ਖਵਾਜਾ ਹਾਰਿਸ ਪਹਿਲਾਂ ਕੀਤੇ ਵਾਅਦੇ ਦੇ ਬਾਵਜੂਦ ਮੌਜੂਦ ਨਹੀਂ ਸਨ। ਅਦਾਲਤ ਨੂੰ ਦੱਸਿਆ ਗਿਆ ਕਿ ਹਾਰਿਸ ਬਾਅਦ ਵਿਚ ਆਉਣਗੇ, ਜਿਸ ਪਿੱਛੋਂ ਜੱਜ ਮੁਹੰਮਦ ਬਸ਼ੀਰ ਨੇ ਸੁਣਵਾਈ ਦੁਪਹਿਰ ਤੱਕ ਮੁਲਤਵੀ ਕਰ ਦਿੱਤੀ। ਇਸ ਮੌਕੇ ਅਦਾਲਤ ਨੇ ਸੁਣਵਾਈ ਤੋਂ ਛੋਟ ਦੀ ਮੰਗ ਦੀ ਡਾਰ ਦੀ ਅਰਜੀ ਰੱਦ ਕਰ ਦਿੱਤੀ। ਸਰਕਾਰੀ ਪੱਖ ਡਾਰ ਵਿਰੁੱਧ ਹੋਰ ਗਵਾਹ ਪੇਸ਼ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਇਸ ਕੇਸ ਵਿਚ ਤਿੰਨ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਡਾਰ ਉੁੱਤੇ ਆਮਦਨ ਤੋਂ ਜ਼ਿਆਦਾ ਸੰਪੱਤੀ ਇਕੱਠੀ ਕਰਨ ਦੇ ਦੋਸ਼ ਹਨ।