ਪਾਕਿ ਦੇ ਐਟਮੀ ਊਰਜਾ ਕਮਿਸ਼ਨ ਦੀ ਬੱਸ ਉੱਤੇ ਹਮਲਾ, ਦੋ ਮੌਤਾਂ


ਇਸਲਾਮਾਬਾਦ, 3 ਮਈ, (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਅੱਜ ਇੱਕ ਮੋਟਰਸਾਈਕਲ ਸਵਾਰ ਅੱਤਵਾਦੀ ਨੇ ਇਸ ਦੇਸ਼ ਦੇ ਐਟਮੀ ਊਰਜਾ ਕਮਿਸ਼ਨ ਦੀ ਇਕ ਬੱਸ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਤੇ ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਦੱਸੇ ਗਏ ਹਨ।
ਪੁਲਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹਮਲਾਵਰ ਨੇ ਪਹਿਲਾਂ ਬੱਸ ਉੱਤੇ ਗੋਲੀਆਂ ਚਲਾਈਆਂ ਅਤੇ ਅਟਕ ਜ਼ਿਲੇ ਵਿੱਚ ਇੱਕ ਸਪੀਡ ਬ੍ਰੇਕਰ ਦੇ ਕਾਰਨ ਜਦੋਂ ਬੱਸ ਦੀ ਸਪੀਡ ਘੱਟ ਹੋਈ ਤਾਂ ਉਸ ਨੇ ਬੱਸ ਦੇ ਨੇੜੇ ਜਾ ਕੇ ਆਪਣੇ ਆਪ ਨੂੰ ਉਡਾ ਲਿਆ। ਉਨ੍ਹਾਂ ਦੱਸਿਆ ਕਿ ‘ਬੱਸ ਡਰਾਈਵਰ ਤੇ ਉਥੋ ਲੰਘਦੇ ਇਕ ਹੋਰ ਵਿਅਕਤੀ ਦੀ ਮੌਕੇ ਉੱਤੇ ਮੌਤ ਹੋ ਗਈ ਤੇ 13 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਪਾਕਿਸਤਾਨ ਐਟਮੀ ਊਰਜਾ ਕਮਿਸ਼ਨ ਦੇ ਮੁਲਾਜ਼ਮ ਹਨ।’
ਇਸ ਘਟਨਾ ਦੀ ਟੀ ਵੀ ਫੁਟੇਜ ਵਿੱਚ ਦਿਖਾਈ ਦੇਂਦਾ ਹੈ ਕਿ ਬੱਸ ਡਰਾਈਵਰ ਵਾਲਾ ਹਿੱਸਾ ਧਮਾਕੇ ਕਾਰਨ ਬੂਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਘਟਨਾ ਵਾਲੀ ਥਾਂ ਪਹੁੰਚ ਕੇ ਘੇਰਾਬੰਦੀ ਕਰ ਦਿੱਤੀ ਹੈ ਤੇ ਇਸ ਗੱਲ ਦੀ ਜਾਂਚ ਹੋ ਰਹੀ ਹੈ ਕਿ ਹਮਲਾਵਰ ਨਾਲ ਉਸ ਦੀ ਕੋਈ ਸਹਿਯੋਗ ਸੀ ਜਾਂ ਨਹੀਂ। ਹਮਲੇ ਦੀ ਜ਼ਿੰਮੇਵਾਰੀ ਕਿਸੇ ਅੱਤਵਾਦੀ ਸੰਗਠਨ ਨੇ ਨਹੀਂ ਲਈ, ਪਰ ਤਾਲਿਬਾਨੀ ਅੱਤਵਾਦੀ ਅਜਿਹੇ ਹਮਲੇ ਅੱਗੇ ਵੀ ਕਰਦੇ ਰਹੇ ਹਨ।