ਪਾਕਿ ਦਾ ਖਜ਼ਾਨਾ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਵਿੱਚ ਪੇਸ਼

pakistan finance minister ishaq dar
ਇਸਲਾਮਾਬਾਦ, 12 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਕੇਂਦਰੀ ਖਜ਼ਾਨਾ ਮੰਤਰੀ ਇਸਹਾਕ ਡਾਰ ਅੱਜ ਪਨਾਮਾ ਪੇਪਰਸ ਲੀਕੇਜ ਕੇਸ ਵਿਚ ਭ੍ਰਿਸ਼ਟਾਚਾਰ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਸਾਹਮਣੇ ਪੇਸ਼ ਹੋਏ। ਆਮਦਨ ਦੇ ਜਾਣੇ ਜਾਂਦੇ ਵਸੀਲਿਆਂ ਤੋਂ ਵੱਧ ਜਾਇਦਾਦ ਬਾਰੇ ਇਹ ਕੇਸ ਇਸਹਾਕ ਡਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਸੁਪਰੀਮ ਕੋਰਟ ਦੇ 28 ਜੁਲਾਈ ਦੇ ਹੁਕਮ ਪਿੱਛੋਂ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ ਏੇ ਬੀ) ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਚਾਰ ਕੇਸਾਂ ਵਿਚੋਂ ਇਕ ਹੈ।
ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਨੂੰ ਅਹੁਦੇ ਲਈ ਅਯੋਗ ਕਰਾਰ ਦੇ ਦਿੱਤਾ ਸੀ ਅਤੇ ਉਨ੍ਹਾਂ ਦੀ ਧੀ ਮਰੀਅਮ ਅਤੇ ਪੁੱਤਰਾਂ ਹੁਸੈਨ ਅਤੇ ਹਸਨ ਅਤੇ ਜਵਾਈ ਮੁਹੰਮਦ ਸਫਦਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ। ਅਧਿਕਾਰੀਆਂ ਦੇ ਮੁਤਾਬਕ ਅਲ ਬਰਾਕ ਬੈਂਕ ਦੇ ਉਪ-ਪ੍ਰਧਾਨ ਤਾਕੀਦ ਜਾਵੇਦ ਅਤੇ ਨੈਸ਼ਨਲ ਇੰਵੈਸਟਮੈਂਟ ਟਰੱਸਟ (ਐਨ ਆਈ ਟੀ) ਦੇ ਸ਼ਾਹਿਦ ਅਜੀਜ ਨੇ ਵਿੱਤ ਮੰਤਰੀ ਦੇ ਖਿਲਾਫ ਗਵਾਹੀ ਦਿੱਤੀ ਹੈ। ਅਜੀਜ ਨੇ ਅਦਾਲਤ ਨੂੰ ਦੱਸਿਆ ਕਿ 67 ਸਾਲਾ ਡਾਰ ਨੇ ਖਜ਼ਾਨਾ ਮੰਤਰੀ ਹੁੰਦਿਆਂ 2015 ਵਿਚ ਐਨ ਆਈ ਟੀ ਵਿਚ 12 ਕਰੋੜ ਰੁਪਏ ਲਾਏ ਸਨ, ਪਰ ਜਨਵਰੀ 2017 ਵਿਚ ਪਨਾਮਾ ਪੇਪਰਸ ਲੀਕੇਜ ਕੇਸ ਸ਼ੁਰੂ ਹੋਣ ਤੋਂ ਬਾਅਦ ਇਹ ਰਕਮ ਵਾਪਸ ਲੈ ਲਈ ਸੀ। ਅਲ-ਬਰਾਕ ਬੈਂਕ ਦੇ ਜਾਵੇਦ ਨੇ ਬੈਂਕ ਦੀ ਲਾਹੌਰ ਬਰਾਂਚ ਵਿਚ ਡਾਰ ਦੇ ਖਾਤੇ ਦੀ ਕਈ ਸੂਚਨਾਵਾਂ ਦਿੱਤੀਆਂ। ਦੋਵਾਂ ਗਵਾਹਾਂ ਤੋਂ ਡਾਰ ਦੇ ਵਕੀਲ ਖਵਾਜਾ ਹਾਰਿਸ਼ ਨੇ ਵੀ ਸਵਾਲ ਪੁੱਛੇ।