ਪਾਕਿ ਦਾ ਇੱਕ ਹੋਰ ਝੂਠ ਸੰਸਾਰ ਦੀ ਸੱਥ ਵਿੱਚ ਬੇਪਰਦ ਹੋ ਗਿਆ


* ਅੱਤਵਾਦੀਆ ਨੇ ਅਗਵਾ ਕੀਤਾ ਕਨੇਡੀਅਨ ਜੋੜਾ ਪਾਕਿ ਵਿੱਚ ਹੀ ਰੱਖਿਆ
ਵਾਸ਼ਿੰਗਟਨ, 19 ਅਕਤੂਬਰ, (ਪੋਸਟ ਬਿਊਰੋ)- ਅਮਰੀਕਾ ਦੀ ਖੁਫੀਆ ਏਜੰਸੀ ਸੀ ਆਈ ਏ ਦੇ ਡਾਇਰੈਕਟਰ ਮਾਈਕ ਪਾਮਪੀਓ ਨੇ ਪਾਕਿਸਤਾਨ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਨੇ ਬੀਤੇ ਦਿਨੀਂ ਅੱਤਵਾਦੀਆਂ ਦੇ ਚੁੰਗਲ ਵਿੱਚੋਂ ਛੁਡਾਏ ਗਏ ਅਮਰੀਕੀ-ਕੈਨੇਡੀਅਨ ਜੋੜੇ ਦੇ ਮੁੱਦੇ ਤੋਂ ਪਾਕਿਸਤਾਨ ਨੂੰ ਕਟਿਹਰੇ ਵਿੱਚ ਖੜਾ ਕੀਤਾ ਹੈ। ਪਾਮਪੀਓ ਨੇ ਕਿਹਾ ਹੈ ਕਿ ਇਸ ਜੋੜੇ ਨੂੰ ਪੰਜ ਸਾਲ ਬੰਦੀ ਬਣਾ ਕੇ ਪਾਕਿਸਤਾਨ ਵਿੱਚ ਹੀ ਰੱਖਿਆ ਗਿਆ ਸੀ।
ਵਰਨਣ ਯੋਗ ਹੈ ਕਿ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਸੀ ਕਿ ਬੰਦੀਆਂ ਨੂੰ ਅਫਗਾਨਿਸਤਾਨ ਤੋਂ ਪਾਕਿਸਤਾਨ ਲਿਆਂਦਾ ਗਿਆ ਸੀ ਅਤੇ ਅਮਰੀਕਾ ਤੋਂ ਖੂਫੀਆ ਸੂਚਨਾ ਮਿਲਣ ਉੱਤੇ ਵਿਸ਼ੇਸ਼ ਮੁਹਿੰਮ ਨਾਲ ਦੋਵਾਂ ਨੂੰ ਛੁਡਾਇਆ ਗਿਆ। ਪਾਕਿਸਤਾਨੀ ਫੌਜ ਦੇ ਮੁਤਾਬਕ ਅੱਤਵਾਦੀਆਂ ਨੇ ਅਮਰੀਕੀ ਔਰਤ ਕੈਟਾਲਨ ਕੋਲਮੈਨ ਨੂੰ ਉਸ ਦੇ ਕੈਨੇਡੀਅਨ ਪਤੀ ਜੋਸ਼ੂ ਬੋਇਲ ਨਾਲ ਅਫਗਾਨਿਸਤਾਨ ਵਿੱਚ ਅਗਵਾ ਕੀਤਾ ਸੀ, ਪਰ ਸੀ ਆਈ ਏ ਦੇ ਬਿਆਨ ਨੇ ਇਹ ਝੂਠ ਜ਼ਾਹਰ ਕਰ ਦਿੱਤਾ ਹੈ। ਪਾਮਪੀਓ ਨੇ ਇਕ ਬਿਆਨ ਵਿੱਚ ਕਿਹਾ ਕਿ ਅਗਵਾ ਕੀਤੇ ਜੋੜੇ ਨੂੰ ਪੰਜ ਸਾਲ ਪਾਕਿਸਤਾਨ ਵਿੱਚ ਹੀ ਰੱਖਿਆ ਗਿਆ ਸੀ। ਉਨ੍ਹਾ ਕਿਹਾ ਕਿ ਮੇਰੀ ਸਮਝ ਵਿੱਚ ਇਤਿਹਾਸ ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਕਰਨ ਵਿੱਚ ਮਦਦ ਕਰਨ ਬਾਰੇ ਪਾਕਿਸਤਾਨ ਤੋਂ ਅਮਰੀਕੀ ਆਸਾਂ ਘੱਟ ਹੀ ਰਹੀਆਂ ਹਨ। ਰਾਸ਼ਟਰਪਤੀ ਸਪੱਸ਼ਟ ਤੌਰ ਉੱਤੇ ਕਹਿ ਚੁੱਕੇ ਹਨ ਕਿ ਤਾਲਿਬਾਨ ਨੂੰ ਗੱਲਬਾਤ ਦੇ ਮੇਜ਼ ਉੱਤੇ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਪਾਕਿਸਤਾਨ ਦੇ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਹੋਣ ਦੀ ਹਾਲਤ ਸਵੀਕਾਰ ਨਹੀਂ ਕੀਤੀ ਜਾ ਸਕਦੀ।
ਇਸ ਤੋਂ ਪਹਿਲਾਂ ਅਗਵਾ ਹੋਏ ਇਸ ਜੋੜੇ ਨੂੰ ਛੁਡਾਏ ਜਾਣ ਪਿੱਛੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਖੂਫੀਆ ਸੂਚਨਾਵਾਂ ਸਾਂਝਾ ਕਰਨ ਦੇ ਮਹੱਤਵ ਦੀ ਗੱਲ ਕਹੀ ਸੀ। ਇਸ ਕੇਸ ਵਿੱਚ ਅਜੇ ਕਿਸੇ ਅੱਤਵਾਦੀ ਸੰਗਠਨ ਦੇ ਨਾਂਅ ਨਹੀਂ ਲਿਆ ਗਿਆ, ਪਰ ਅਮਰੀਕਾ ਇਸ ਦੇ ਪਿੱਛੇ ਹੱਕਾਨੀ ਨੈੱਟਵਰਕ ਦਾ ਹੱਥ ਮੰਨਦਾ ਹੈ। ਅਮਰੀਕਾ ਲੰਬੇ ਸਮੇਂ ਤੋਂ ਹੱਕਾਨੀ ਨੈੱਟਵਰਕ ਤੇ ਪਾਕਿਸਤਾਨੀ ਖੁਫੀਆ ਏਜੰਸੀ ਵਿਚਕਾਰ ਗਠਜੋੜ ਹੋਣ ਦੀ ਗੱਲ ਕਹਿੰਦਾ ਰਿਹਾ ਹੈ।