ਪਾਕਿ ਤਾਲਿਬਾਨ ਦਾ ਦਾਅਵਾ: ਬੇਨਜ਼ੀਰੋ ਭੁੱਟੋ ਨੂੰ ਅਸੀਂ ਮਾਰਿਆ ਸੀ


ਇਸਲਾਮਾਬਾਦ, 16 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨੀ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ 2007 ‘ਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਅਸੀਂ ਕੀਤੀ ਸੀ। ਪਾਬੰਦੀ ਸ਼ੁਦਾ ਅੱਤਵਾਦੀ ਸੰਗਠਨ ਦੀ ਇਕ ਕਿਤਾਬ ‘ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਬੇਨਜ਼ੀਰ ਭੁੱਟੋ ਸੱਤਾ ‘ਚ ਵਾਪਸੀ ‘ਤੇ ‘ਮੁਜਾਹਦੀਨ’ ਖਿਲਾਫ ਅਮਰੀਕਾ ਨਾਲ ਸਹਿਯੋਗ ਕਰਨ ਦੀ ਯੋਜਨਾ ਬਣਾ ਰਹੀ ਸੀ, ਇਸ ਲਈ ਉਸ ਦੀ ਹੱਤਿਆ ਕੀਤੀ ਗਈ ਸੀ।
ਪਾਕਿਸਤਾਨੀ ਤਾਲਿਬਾਨ ਦੇ ਮਾਰੇ ਜਾ ਚੁੱਕੇ ਬੈਤੁੱਲਾਹ ਮਹਿਸੂਦ ਦੇ ਹਵਾਲੇ ਨਾਲ ਇਸ ਕਿਤਾਬ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਯੋਜਨਾਬਧ ਤਰੀਕੇ ਨਾਲ ਬੇਨਜ਼ੀਰ ਭੁੱਟੋ ਦੀ ਵਾਪਸੀ ਅਮਰੀਕਾ ਦੇ ਇਸ਼ਾਰਿਆਂ ‘ਤੇ ਕੀਤੀ ਗਈ ਸੀ ਕਿਉਂਕਿ ਉਨ੍ਹਾਂ ਨੇ ਉਸ ਨੂੰ ‘ਮੁਜਾਹਿਦ-ਏ-ਇਸਲਾਮ’ ਦੇ ਖਿਲਾਫ ਇਕ ਯੋਜਨਾ ਦਿੱਤੀ ਸੀ। ਬੈਤੁੱਲਾਹ ਨੂੰ ਇਸ ਯੋਜਨਾ ਦੀ ਜਾਣਕਾਰੀ ਮਿਲ ਗਈ ਸੀ। ਡੇਲੀ ਟਾਈਮਜ਼ ਦੀ ਰਿਪੋਰਟ ਅਨੁਸਾਰ ਤਾਲਿਬਾਨ ਦੀ ਉਰਦੂ ਦੀ ਇਸ ਕਿਤਾਬ ‘ਇਨਕਲਾਬ ਮਹਿਸੂਦ ਦੱਖਣੀ ਵਜ਼ੀਰੀਸਤਾਨ-ਬ੍ਰਿਟਿਸ਼ ਰਾਜ ਤੋਂ ਅਮਰੀਕੀ ਸਾਮਰਾਜਵਾਦ’ ਤੋਂ ਪਹਿਲਾਂ ਕਿਸੇ ਵੀ ਸੰਗਠਨ ਨੇ ਅਜੇ ਤੱਕ ਬੇਨਜ਼ੀਰ ਭੁੱਟੋ ਦੀ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ ਸੀ।
ਵਰਨਣ ਯੋਗ ਹੈ ਕਿ 27 ਦਸੰਬਰ 2007 ਨੂੰ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਕੁਝ ਕੁ ਸਮੇਂ ਬਾਅਦ ਹੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੀ ਪ੍ਰਧਾਨ ਬੇਨਜ਼ੀਰ ਭੁੱਟੋ ਦੀ ਰਾਵਲਪਿੰਡੀ ‘ਚ ਇਕ ਆਤਮਘਾਤੀ ਹਮਲੇ ‘ਚ ਹੱਤਿਆ ਕਰ ਦਿੱਤੀ ਗਈ ਸੀ। ਇਸ ਕਿਤਾਬ ਅਨੁਸਾਰ ਆਤਮਘਾਤੀ ਬੰਬਾਰ ਬਿਲਾਲ ਉਰਫ ਸਈਦ ਤੇ ਇਕਰਾਮੁੱਲਾ ਨੂੰ ਭੁੱਟੋ ‘ਤੇ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਆਤਮਘਾਤੀ ਹਮਲਾਵਰ ਬਿਲਾਲ ਨੇ ਪਹਿਲਾਂ ਆਪਣੇ ਪਿਸਤੌਲ ਨਾਲ ਭੁੱਟੋ ਦੀ ਗਰਦਨ ‘ਤੇ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਉਡਾ ਲਿਆ। ਕਿਤਾਬ ਮੁਤਾਬਕ ਇਕਰਾਮੁੱਲਾ, ਜੋ ਦੱਖਣੀ ਵਜ਼ੀਰੀਸਤਾਨ ਦੇ ਮਕੀਨ ਕਸਬੇ ਦਾ ਵਾਸੀ ਹੈ, ਹਮਲੇ ਦੌਰਾਨ ਬਚ ਗਿਆ ਸੀ ਅਤੇ ਉਹ ਅਜੇ ਵੀ ਜ਼ਿੰਦਾ ਹੈ। ਤਹਿਰੀਕ-ਏ-ਤਾਲਿਬਾਨ (ਟੀ ਟੀ ਪੀ) ਦੇ ਆਗੂ ਅਬੂ ਮਨਸੂਰ ਅਸੀਮ ਮੁਫਤੀ ਨੂਰ ਵਲੀ ਨੇ ਇਹ ਕਿਤਾਬ ਲਿਖੀ ਹੈ, ਜਿਸ ਨੂੰ 30 ਨਵੰਬਰ 2017 ਨੂੰ ਅਫਗਾਨਿਸਤਾਨ ਦੇ ਪਖਤਿਕਾ ਪ੍ਰਾਂਤ ਦੇ ਇਕ ਕੰਪਿਊਟਰ ਸੈਂਟਰ ‘ਚ ਪ੍ਰਕਾਸ਼ਿਤ ਕੀਤਾ ਗਿਆ। ਕੁੱਲ 588 ਸਫਿਆਂ ਦੀ ਇਸ ਕਿਤਾਬ ‘ਚ ਕਈ ਤਾਲਿਬਾਨ ਨੇਤਾਵਾਂ ਦੀਆਂ ਤਸਵੀਰਾਂ ਵੀ ਹਨ। ਇਸ ਕਿਤਾਬ ਨੂੰ ਆਨਲਾਈਨ ਕੀਤਾ ਗਿਆ ਹੈ। ਕਿਤਾਬ ਅਨੁਸਾਰ ਭੁੱਟੋ ਦੀ ਹੱਤਿਆ ਤੋਂ ਦੋ ਮਹੀਨੇ ਪਹਿਲਾਂ ਟੀ ਟੀ ਪੀ ਨੇ ਕਰਾਚੀ ‘ਚ ਇਕ ਆਤਮ ਘਾਤੀ ਹਮਲਾ ਕੀਤਾ ਸੀ, ਜਿਸ ‘ਚ ਕਰੀਬ 140 ਲੋਕ ਮਾਰੇ ਗਏ ਸਨ, ਪਰ ਭੁੱਟੋ ਇਸ ਹਮਲੇ ਦੌਰਾਨ ਬਚ ਗਈ ਸੀ।