ਪਾਕਿਸਤਾਨ ਵਿੱਚ ਸਰਕਾਰੀ ਦਫਤਰ ਵਿੱਚ ਆਤਮਘਾਤੀ ਬੰਬ ਧਮਾਕੇ ਵਿੱਚ ਛੇ ਜਣੇ ਹਲਾਕ

suicide attack
ਪਿਸ਼ਾਵਰ, 16 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਗੜਬੜ ਵਾਲੇ ਉੱਤਰ-ਪੱਛਮੀ ਕਬਾਇਲੀ ਇਲਾਕੇ ਵਿੱਚ ਤਾਲਿਬਾਨ ਦੇ ਦੋ ਆਤਮਘਾਤੀ ਹਮਲਾਵਰਾਂ ਨੇ ਇੱਕ ਸਰਕਾਰੀ ਕੰਪਲੈਕਸ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਚਾਰ ਸੁਰੱਖਿਆ ਕਰਮਚਾਰੀਆਂ ਸਮੇਤ ਛੇ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਪ੍ਰਮੁੱਖ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਧਮਾਕੇ ਵਿੱਚ ਸੁਰੱਖਿਆ ਮੁਲਾਜ਼ਮਾਂ ਤੋਂ ਇਲਾਵਾ ਇੱਕ ਸਕੂਲੀ ਅਧਿਆਪਕ ਸਮੇਤ ਦੋ ਨਾਗਰਿਕ ਮਾਰੇ ਗਏ ਹਨ। ਇਸ ਘਟਨਾ ਵਿੱਚ ਘੱਟੋ-ਘੱਟ ਅੱਠ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਗੰਭੀਰ ਜ਼ਖਮੀ ਤਿੰਨ ਲੋਕਾਂ ਨੂੰ ਪਿਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ ਐੱਸ ਪੀ ਆਰ) ਨੇ ਕਿਹਾ ਕਿ ਮੋਹਮੰਦ ਕਬਾਇਲੀ ਖੇਤਰ ਦੇ ਘਲਨਈ ਹੈੱਡਕੁਆਰਟਰ ਕੰਪਲੈਕਸ ਵਿੱਚ ਦੋ ਆਤਮਘਾਤੀ ਹਮਲਾਵਰਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋ ਉਨ੍ਹਾਂ ਨੂੰ ਰੋਕਣ ਦਾ ਸੰਕੇਤ ਦਿੱਤਾ ਗਿਆ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ ਤੇ ਦੂਜੇ ਹਮਲਾਵਰ ਨੂੰ ਸੁਰੱਖਿਆ ਫੋਰਸਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ।
ਆਈ ਐੱਸ ਪੀ ਆਰ ਨੇ ਕਿਹਾ ਹੈ ਕਿ ਸੁਰੱਖਿਆ ਏਜੰਸੀਆਂ ਨੂੰ ਅਫਗਾਨਿਸਤਾਨ ਤੋਂ ਮੋਹਮੰਦ ਖੇਤਰ ਵਿੱਚ ਆਤਮਘਾਤੀ ਹਮਲਾਵਰਾਂ ਦੇ ਘੁਸਪੈਠ ਦੀ ਖੁਫੀਆ ਜਾਣਕਾਰੀ ਸੀ। ਮੀਡੀਆ ਦੀਆਂ ਖਬਰਾਂ ਮੁਤਾਬਕ ਪਾਕਿਸਤਾਨੀ ਤਾਲਿਬਾਨ ਦੇ ਜਮਾਤ ਉਲ ਅਹਿਰਾਰ ਧੜੇ ਨੇ ਹਮਲੇ ਦਾ ਦਾਅਵਾ ਕੀਤਾ ਹੈ। ਰਾਜਨੀਤਕ ਪ੍ਰਸ਼ਾਸਨ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਧਮਾਕੇ ਦੇ ਤੁਰੰਤ ਬਾਅਦ ਇਲਾਕਾ ਸੀਲ ਕਰ ਦਿੱਤਾ ਗਿਆ ਅਤੇ ਤਲਾਸ਼ੀ ਸ਼ੁਰੂ ਕੀਤੀ ਗਈ ਹੈ।