ਪਾਕਿਸਤਾਨ ਵਿੱਚ ਆਮ ਚੋਣਾਂ ਤੋਂ ਪਹਿਲਾਂ ਹਿੰਦੂ ਘੱਟ ਗਿਣਤੀ ਦਾ ਦਿਲ ਜਿੱਤਣ ਦੀ ਸਿਆਸੀ ਕੋਸ਼ਿਸ਼


-ਰਾਜ ਸਦੋਸ਼
ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਬੀਤੇ ਸ਼ੁੱਕਰਵਾਰ ਪਾਰਲੀਮੈਂਟ ਮੈਂਬਰਾਂ ਤੇ ਅਫਸਰਾਂ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ਵਿੱਚ ਅਹੁਦੇ ਤੋਂ ਹਟਾਉਣ ਪਿੱਛੋਂ ਉਮਰ ਭਰ ਲਈ ਕਿਸੇ ਵੀ ਅਹੁਦੇ ‘ਤੇ ਕੰਮ ਕਰਨ ਦੀ ਮਨਾਹੀ ਦਾ ਸਿੱਧਾ ਅਸਰ 1990 ਤੋਂ ਹੁਣ ਤੱਕ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਦੇ ਸਿਆਸੀ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲਾਉਂਦਾ ਜਾਪਦਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਨ੍ਹਾਂ ‘ਤੇ ਇਹ ਪਾਬੰਦੀ ਉਮਰ ਭਰ ਲਈ ਲਾਗੂ ਹੋਵੇਗੀ।
ਦੂਜੇ ਪਾਸੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਨੇਤਾਵਾਂ ਦਾ ਕਹਿਣਾ ਹੈ ਕਿ ਜੇ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਆਮ ਚੋਣਾਂ ਵਿੱਚ ਪਾਰਟੀ ਜਿੱਤ ਗਈ ਤਾਂ ਪਾਰਲੀਮੈਂਟ ਰਾਹੀਂ ਸੰਵਿਧਾਨ ਵਿੱਚ ਸੋਧ ਕਰ ਕੇ ਇਸ ਪਾਬੰਦੀ ਵਾਲੀ ਵਿਵਸਥਾ ਨੂੰ ਰੱਦ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਘੱਟ ਗਿਣਤੀ ਹਿੰਦੂਆਂ ਨੂੰ ਆਪਣੀ ਪਾਰਟੀ ਨਾਲ ਜੋੜਨ ਦੀ ਮੁਹਿੰਮ ਹੇਠ ਨਵਾਜ਼ ਸ਼ਰੀਫ ਨੇ ਪਿਛਲੇ ਸਾਲ 15 ਜਨਵਰੀ ਨੂੰ ਪੰਜਾਬ ਪ੍ਰਾਂਤ ਦੇ ਜ਼ਿਲ੍ਹਾ ਚੱਕਰਵਾਲ ਦੇ ਕਸਬੇ ਚੋਆ ਸੈਦਨਸ਼ਾਹ ‘ਚ ਕਟਾਸਰਾਜ ਦੇ ਅਮਰਕੁੰਡ ‘ਤੇ ਆਰ ਓ ਫਿਲਟਰ ਪਲਾਂਟ ਦਾ ਉਦਘਾਟਨ ਕਰਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਉਥੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਨੇੜੇ 32 ਕਮਰਿਆਂ ਵਾਲੇ ਯਾਤਰੀ ਨਿਵਾਸ ਦੀ ਉਸਾਰੀ ਉਨ੍ਹਾਂ ਦੇ ਮੌਜੂਦਾ ਸ਼ਾਸਨ ‘ਚ ਪੂਰੀ ਕੀਤੀ ਜਾਵੇ। ਸਿੰਧ ‘ਚ ਹਿੰਦੂ ਆਗੂਆਂ ਨਾਲ ਮਿਲ ਕੇ ਦੀਵਾਲੀ ਮਨਾਉਂਦਿਆਂ ਨਵਾਜ਼ ਸ਼ਰੀਫ ਨੇ ਹੋਲੀ ਦੇ ਮੌਕੇ ਪਿਚਕਾਰੀ ਤੇ ਗੁਲਾਲ ਨਾਲ ਮਾਹੌਲ ਰੰਗਣ ਦੀ ਇੱਛਾ ਵੀ ਪ੍ਰਗਟ ਕੀਤੀ ਸੀ। ਕੱਟੜਪੰਥੀਆਂ ਦੇ ਰੌਲੇ ਦੇ ਬਾਵਜੂਦ ਉਹ ਡਗਮਗਾਏ ਨਹੀਂ, ਪਰ ਸ੍ਰੀ ਕਟਾਸਰਾਜ ਵਿੱਚ ਯਾਤਰੀ ਨਿਵਾਸ ਦੀ ਉਸਾਰੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਧੂਰੀ ਰਹੀ। ਇਸ ਦੌਰਾਨ ਸੀਮੈਂਟ ਫੈਕਟਰੀਆਂ ਦੀ ਉਤਪਾਦਨ ਸਮਰੱਥਾ ਵਧਾਉਣ ਲਈ ਅਮਰਕੁੰਡ ਨੇੜੇ ਪੁੱਟੇ ਗਏ ਬੋਰਵੈੱਲ ਨੇ ਕੁੰਡ ਦਾ ਪਾਣੀ ਸੁਕਾ ਦਿੱਤਾ। ਸੁਪਰੀਮ ਕੋਰਟ ਵੱਲੋਂ ਡਾਨ ਅਖਬਾਰ ਵਿੱਚ ਛਪੀਆਂ ਖਬਰਾਂ ਦਾ ਨੋਟਿਸ ਲੈਣ ਕਾਰਨ ਨਾ ਸਿਰਫ ਸਰਕਾਰ ਦੀ ਖਿਚਾਈ ਹੋਈ, ਸਗੋਂ ਵਕਫ ਬੋਰਡ ਦੇ ਪ੍ਰਧਾਨ ਸਿਦੀਕ ਉਲ-ਫਾਰੂਖ ਦੀ ਵੀ ਛੁੱਟੀ ਹੋ ਗਈ ਸੀ। ਫਾਰੂਖ ਪਾਕਿਸਤਾਨ ਮੁਸਲਿਲ ਲੀਗ (ਐੱਨ) ਦੇ ਮੁੱਖ ਬੁਲਾਰੇ ਅਤੇ ਨਵਾਜ਼ ਸ਼ਰੀਫ ਦੇ ਨੇੜਲੇ ਸਾਥੀ ਸਨ। ਬਿਨਾਂ ਸ਼ੱਕ ਉਨ੍ਹਾਂ ਨੇ ਘੱਟਗਿਣਤੀਆਂ ਦੇ ਪੂਜਾ ਅਸਥਾਨਾਂ ਦੇ ਵਿਕਾਸ ਵਿੱਚ ਦਿਲਚਸਪੀ ਦਿਖਾਈ, ਪਰ ਅਮਰਕੁੰਡ ਵਿੱਚ ਪਾਣੀ ਦਾ ਪੱਧਰ ਇਕਦਮ ਘਟਣ ਨਾਲ ਉਨ੍ਹਾਂ ਦਾ ਪ੍ਰਸ਼ਾਸਕੀ ਕੱਦ ਵੀ ਬੌਣਾ ਹੋ ਗਿਆ।
ਲਗਭਗ ਪੌਣੇ 21 ਕਰੋੜ ਆਬਾਦੀ ਵਾਲੇ ਪਾਕਿਸਤਾਨ ‘ਚ ਹਿੰਦੂਆਂ ਦੀ ਆਬਾਦੀ ਸਾਢੇ 44 ਲੱਖ ਦੱਸੀ ਜਾਂਦੀ ਹੈ, ਜਿਨ੍ਹਾਂ ‘ਚੋਂ 93 ਫੀਸਦੀ ਤੋਂ ਵੱਧ ਸਿੰਧ ਸੂਬੇ ‘ਚ ਰਹਿੰਦੇ ਹਨ। ਭਾਰਤ ਦੀ ਵੰਡ ਕਾਰਨ ਸਭ ਤੋਂ ਜ਼ਿਆਦਾ ਹਿਜਰਤ ਪੱਛਮੀ ਪੰਜਾਬ ਤੋਂ ਹੋਈ। ਇਸ ਸੂਬੇ ਵਿੱਚ ਹਿੰਦੂ ਆਬਾਦੀ 4.76 ਫੀਸਦੀ ਹੈ। ਫਿਰ ਵੀ ਪਾਕਿਸਤਾਨ ‘ਚ ਇਸਲਾਮ ਤੋਂ ਬਾਅਦ ਸਭ ਤੋਂ ਵੱਧ ਪੈਰੋਕਾਰ ਹਿੰਦੂ ਧਰਮ ਦੇ ਹਨ ਅਤੇ ਪੂਰੀ ਦੁਨੀਆ ਵਿੱਚ ਹਿੰਦੂ ਆਬਾਦੀ ਦੇ ਹਿਸਾਬ ਨਾਲ ਪਾਕਿਸਤਾਨ ਦਾ ਪੰਜਵਾਂ ਸਥਾਨ ਹੈ। ਸਿੰਧ ‘ਚ ਵਸੇ ਹਿੰਦੂਆਂ ਨੂੰ ਆਪਣੇ ਨਾਲ ਜੋੜਨ ਲਈ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਬੇਨਜ਼ੀਰ ਭੁੱਟੋ ਦੇ ਬੇਟੇ ਬਿਲਾਵਲ ਭੁੱਟੋ ਜ਼ਰਦਾਰੀ ਨੇ ਫਰਵਰੀ ਵਿੱਚ ਅਹਿਮ ਕਦਮ ਚੁੱਕਦਿਆਂ ਸੋਸ਼ਲ ਵਰਕਰ ਕ੍ਰਿਸ਼ਨਾ ਕੁਮਾਰੀ ਕੋਹਲੀ ਨੂੰ ਸੀਨੇਟ (ਰਾਜ ਸਭਾ) ਦੀ ਪਹਿਲੀ ਹਿੰਦੂ ਦਲਿਤ ਮਹਿਲਾ ਵਜੋਂ ਜਨਰਲ ਹਲਕੇ ਤੋਂ ਜਿਤਾ ਕੇ ਇਤਿਹਾਸ ਰਚਿਆ ਸੀ।
ਬੀਤੇ ਦਿਨੀਂ ਇਸ ਹਲਕੇ ਦੇ ਚੁਣੇ ਹੋਏ ਪ੍ਰਤੀਨਿਧ ਡਾਕਟਰ ਰਮੇਸ਼ ਬੰਕਵਾਨੀ ਨੂੰ ਮੁਸਲਿਮ ਲੀਗ (ਨਵਾਜ਼) ਤੋਂ ਅੱਡ ਕਰਦਿਆਂ ਸਾਬਕਾ ਕ੍ਰਿਕਟਰ ਇਮਰਾਨ ਖਾਨ ਨੇ ਆਪਣੀ ਪਾਰਟੀ (ਤਹਿਰੀਕੇ ਇਨਸਾਫ ਪਾਰਟੀ) ਵਿੱਚ ਸ਼ਾਮਲ ਕਰ ਲਿਆ। ਡਾਕਟਰ ਰਮੇਸ਼ ਮੂਲ ਤੌਰ ‘ਤੇ ਮਿੱਠੀ ਤਹਿਸੀਲ ਦੇ ਇਸਲਾਮਕੋਟ ਖੇਤਰ ਦੇ ਵਾਸੀ ਹਨ। ਉਹ 2002 ਤੋਂ 2007 ਤੱਕ ਸਿੰਧ ਅਸੈਂਬਲੀ ਦੇ ਮੈਂਬਰ ਰਹੇ ਅਤੇ ਜੂਨ 2013 ਤੋਂ ਕੌਮੀ ਅਸੈਂਬਲੀ ਦੇ ਮੈਂਬਰ ਹਨ। ਪਿਛਲੇ ਦਿਨੀਂ ਡਾਕਟਰ ਰਮੇਸ਼ ਨੇ ਆਪਣੀ ਰਿਹਾਇਸ਼ ‘ਤੇ ਇਮਰਾਨ ਖਾਨ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਨਾਮਾ ਪੇਪਰਜ਼ ਲੀਕ ਹੋਣ ਤੋਂ ਬਾਅਦ ਪੀ ਐੱਮ ਐੱਲ (ਐੱਨ) ਦੇ ਨੇਤਾਵਾਂ ਨੇ ਨਿਆਂ ਪਾਲਿਕਾ ਵਿਰੁੱਧ ਜੋ ਪ੍ਰਤੀਕਿਰਿਆਵਾਂ ਜ਼ਾਹਰ ਕੀਤੀਆਂ, ਉਨ੍ਹਾਂ ਨੇ ਮਨ ਦੁਖੀ ਕਰ ਦਿੱਤਾ। ਡਾਕਟਰ ਰਮੇਸ਼ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਨਿੱਜੀਕਰਨ ਕੀਤੇ ਜਾਣ ਦਾ ਵੀ ਵਿਰੋਧ ਕੀਤਾ ਸੀ।
ਪਾਕਿਸਤਾਨ ਹਿੰਦੂ ਕੌਂਸਲ ਦੇ ਸਲਾਹਕਾਰ ਡਾਕਟਰ ਰਮੇਸ਼ ਨੇ ਸਿਦੀਕ-ਉਲ-ਫਾਰੂਖ ਨੂੰ ਵਕਫ ਬੋਰਡ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਵਿਰੋਧ ਵੀ ਕੀਤਾ ਅਤੇ ਸੁਪਰੀਮ ਕੋਰਟ ‘ਚ ਅਮਰਕੁੰਡ ਮਾਮਲੇ ਦੀ ਸੁਣਵਾਈ ਦੌਰਾਨ ਇਸ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਕਿਹਾ ਕਿ ਬੋਰਡ ਦਾ ਪ੍ਰਧਾਨ ਘੱਟ ਗਿਣਤੀ ਭਾਈਚਾਰੇ ਤੋਂ ਹੀ ਕੋਈ ਹੋਣਾ ਚਾਹੀਦਾ ਹੈ। ਇਹ ਮੁੱਦਾ ਪਾਰਟੀ ਲੀਡਰਸ਼ਿਪ ਸਾਹਮਣੇ ਕਈ ਵਾਰ ਉਠਾਇਆ, ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਸਮਝਿਆ ਜਾਂਦਾ ਹੈ ਕਿ ਸਿੰਧੀ ਹਿੰਦੂ ਨੇਤਾ ਡਾਕਟਰ ਰਮੇਸ਼ ਦੇ ਸ਼ਾਮਲ ਹੋਣ ਨਾਲ ਸਿੰਧ ‘ਚ ਇਮਰਾਨ ਖਾਨ ਦੀ ਪਾਰਟੀ ਪੀ ਟੀ ਆਈ ਆਪਣੇ ਪੈਰ ਪਸਾਰ ਸਕਦੀ ਹੈ। ਇਮਰਾਨ ਖਾਨ ਦਾ ਕਹਿਣਾ ਹੈ ਕਿ ਕਾਇਦੇ-ਆਜ਼ਮ ਮੁਹੰਮਦ ਅਲੀ ਜਿੱਨਾਹ ਨੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਪਾਕਿਸਤਾਨ ਬਣਾਇਆ ਸੀ ਤੇ ਸਾਡਾ ਵੀ ਨੈਤਿਕ ਫਰਜ਼ ਹੈ ਕਿ ਇਥੇ ਵਸੇ ਘੱਟਗਿਣਤੀਆਂ ਨੂੰ ਬਰਾਬਰ ਅਧਿਕਾਰ ਮਿਲਣ ਅਤੇ ਸੁਰੱਖਿਆ ਵੀ।
ਇਮਰਾਨ ਖਾਨ ਦੀ ਪਾਰਟੀ ਦਾ ਦਬਦਬਾ ਮੁੱਖ ਤੌਰ ‘ਤੇ ਖੈਬਰ-ਪਖਤੂਨਖਵਾ ਸੂਬੇ ‘ਚ ਹੈ। ਦੋ ਮਹੀਨੇ ਪਹਿਲਾਂ ਉਸ ਨੇ ਪਾਕਪੱਟਨ ‘ਚ ਬੱਟੂ ਪਰਵਾਰ ਦੀ ਵਿਆਹੁਤਾ ਧੀ ਬੁਸ਼ਰਾ ਨਾਲ ਤੀਜਾ ਨਿਕਾਹ ਕਰਵਾਇਆ। ਉਹ ਪੀਰਾਂ ਦੇ ਖਾਨਦਾਨ ਵਿੱਚੋਂ ਹੈ। ਉਸ ਨੂੰ ਲੋਕ ਬੁਸ਼ਰਾ ਬੀਬੀ ਤੇ ਪਿੰਕੀ ਪੀਰ ਦੇ ਨਾਂਅ ਨਾਲ ਜਾਣਦੇ ਹਨ। ਇਮਰਾਨ ਖਾਨ ਉਸ ਨਾਲ ਧਾਰਮਿਕ ਚਰਚਾ ਲਈ ਮੁਲਾਕਾਤ ਕਰਦੇ ਹੁੰਦੇ ਸਨ ਅਤੇ ਨਿਕਾਹ ਤੋਂ ਬਾਅਦ ਇਮਰਾਨ ਪੱਛਮੀ ਪੰਜਾਬ ‘ਚ ਵੀ ਆਪਣਾ ਸਿਆਸੀ ਆਧਾਰ ਵਧਾਉਣ ਦੀ ਤਿਆਰੀ ਵਿੱਚ ਹਨ ਤੇ ਘੱਟ ਗਿਣਤੀਆਂ ਤੱਕ ਪਹੁੰਚਣਾ ਉਨ੍ਹਾਂ ਲਈ ਮੁਸ਼ਕਲ ਨਹੀਂ ਹੋਵੇਗਾ।