ਪਾਕਿਸਤਾਨ ਨੇ ਸ੍ਰੀਲੰਕਾ ਨੂੰ ਤਿੰਨ ਵਿਕਟਾਂ ਨਾਲ ਹਰਾਇਆ, ਸੈਮੀ ਫਾਈਨਲ ‘ਚ ਪੁੱਜਾ

pak win

ਕਾਰਡਿਫ, 12 ਜੂਨ, (ਪੋਸਟ ਬਿਊਰੋ)-  ਅੱਜ ਇੱਥੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਕੁਆਰਟਰ ਫਾਈਨਲ ਵਰਗੇ ਮੈਚ ’ਚ ਪਾਕਿਸਤਾਨ ਨੇ ਸ੍ਰੀਲੰਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਦੀਆਂ 236 ਦੌੜਾਂ ਦੇ ਮੁਕਾਬਲੇ  ਪਾਕਿਸਤਾਨ ਨੇ 44.5 ਓਵਰਾਂ ਵਿੱਚ ਸੱਤ ਵਿਕਟਾਂ ਪਿੱਛੇ  237 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਚੈਂਪੀਅਨਜ਼ ਟਰਾਫੀ ਦੇ ਸੈਮੀ ਫਾਈਨਲ ਵਿੱਚ ਪੁੱਜ ਗਈ ਹੈ। ਪਾਕਿਸਤਾਨ ਚੌਥੀ ਵਾਰ ਸੈਮੀ ਫਾਈਨਲ ਵਿੱਚ ਪੁੱਜਾ ਹੈ। ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ 61 ਦੌੜਾਂ ਅਤੇ ਮੁਹੰਮਦ ਅਮਿਰ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਸਰਫਰਾਜ ਅਹਿਮਦ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਲਾਏ। ਉਸਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਤੇ ਜੁਨੈਦ ਖ਼ਾਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸ੍ਰੀਲੰਕਾ ਨੂੰ 236 ਦੌੜਾਂ ’ਤੇ ਢੇਰ ਕਰ ਦਿੱਤਾ।

ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਸ੍ਰੀਲੰਕਾ ਵੱਡਾ ਸਕੋਰ ਖੜ੍ਹਾ ਕਰਨ ਦੀ ਸਥਿਤੀ ’ਚ ਦਿਖਾਈ ਦੇ ਰਿਹਾ ਸੀ, ਪਰ ਆਮਿਰ (53 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਜੁਨੈਦ (40 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਸਥਿਤੀ ਬਦਲ ਦਿੱਤੀ। ਹਸਨ ਅਲੀ ਨੇ ਵੀ 43 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਸਲਾਮੀ ਬੱਲੇਬਾਜ਼ ਨਿਰੋਸ਼ਨ ਡਿਕਵੇਲਾ (73) ਅਤੇ ਕਪਤਾਨ ਏਂਜਲੋ ਮੈਥਿਊਜ਼ (39) ਨੇ ਸ੍ਰੀਲੰਕਾਈ ਪਾਰੀ ਨੂੰ ਚੰਗੀ ਸਥਿਤੀ ’ਚ ਪਹੁੰਚਾਇਆ, ਪਰ ਇਸ ਮਗਰੋਂ ਆਮਿਰ ਦੀ ਗੇਂਦਬਾਜ਼ੀ ਦੀ ਬਦੌਲਤ ਸ੍ਰੀਲੰਕਾ ਦੀ ਪਾਰੀ ਦੇ ਪਤਨ ਦੀ ਕਹਾਣੀ ਲਿਖੀ ਗਈ। ਆਮਿਰ ਤੇ ਜੁਨੈਦ ਨੇ 3.2 ਓਪਰਾਂ ’ਚ 2-2 ਵਿਕਟਾਂ ਹਾਸਲ ਕੀਤੀਆਂ। ਇਸ ਤਰ੍ਹਾਂ ਸ੍ਰੀਲੰਕਾ ਨੇ ਛੇ ਦੌੜਾਂ ਅੰਦਰ ਚਾਰ ਵਿਕਟਾਂ ਗੁਆ ਦਿੱਤੀਆਂ। ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਸੁਰੰਗਾ ਲਖਮਲ (26) ਅਤੇ ਅਸੇਲਾ ਗੁਣਰਤਨੇ (27) ਨੇ ਵਿਕਟਾਂ ਡਿੱਗਣ ਦਾ ਸਿਲਸਿਲਾ ਰੋਕਿਆ ਜਿਸ ਨਾਲ ਸ੍ਰੀਲੰਕਾ ਦਾ ਸਕੋਰ 250 ਦੇ ਨੇੜੇ ਪਹੁੰਚਿਆ।