ਪਾਕਿਸਤਾਨ ਦੇ ਦੋ ਡਿਪਲੋਮੇਟ ਅਫਗਾਨਿਸਤਾਨ ਵਿੱਚ ਲਾਪਤਾ

two diplomats missing in afganistan

ਇਸਲਾਮਾਬਾਦ, 18 ਜੂਨ, (ਪੋਸਟ ਬਿਊਰੋ)- ਪਾਕਿਸਤਾਨ ਦੇ ਦੋ ਡਿਪਲੋਮੈਟ, ਜਿਹੜੇ ਅਫ਼ਗਾਨਿਸਤਾਨ ਵਿੱਚ ਉਸ ਦੇ ਦੂਤਘਰ ਵਿੱਚ ਤਾਇਨਾਤ ਹਨ, ਪਿਛਲੇਤਿੰਨ ਦਿਨਾਂ ਤੋਂ ਲਾਪਤਾ ਹੈ। ਜਲਾਲਾਬਾਦ ਵਿਚਲੇ ਪਾਕਿਸਤਾਨ ਦੇ ਵਪਾਰ ਕੌਂਸਲੇਟ ਵਿੱਚ ਤਾਇਨਾਤ ਇਹ ਦੋਵੇਂ ਅਧਿਕਾਰੀ ਸ਼ੁੱਕਰਵਾਰ ਨੂੰ ਸੜਕੀ ਰਸਤੇ ਪਾਕਿਸਤਾਨ ਨੂੰ ਮੁੜ ਰਹੇ ਸਨ ਅਤੇ ਓਦੋਂ ਤੋਂ ਉਨ੍ਹਾਂ ਦੋਵਾਂ ਦਾ ਕੋਈ ਪਤਾ ਨਹੀਂ ਚੱਲ ਰਿਹਾ।
ਅੱਜ ਏਥੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰੀਆ ਦੇ ਦਫ਼ਤਰ ਨੇ ਬਿਆਨ ਜਾਰੀ ਕਰ ਕੇ ਦੋਵਾਂ ਡਿਪਲੋਮੈਟ ਦੇ ਲਾਪਤਾ ਹੋਣ ਦੀ ਗੱਲ ਮੰਨੀ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਆਪਣੇ ਅਧਿਕਾਰੀਆਂ ਨੂੰ ਜਲਦੀ ਲੱਭਣ ਲਈ ਅਫ਼ਗਾਨਿਸਤਾਨ ਸਰਕਾਰ ਨੰੁ ਸਾਰੇ ਜ਼ਰੂਰੀ ਯਤਨ ਕਰਨ ਦੇ ਲਈ ਬੇਨਤੀ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਅਨੁਸਾਰ ਅਫ਼ਗਾਨਿਸਤਾਨ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਲੱਭਣ ਅਤੇ ਘਟਨਾ ਦੀ ਜਾਂਚ ਲਈ ਤਿੰਨ ਟੀਮਾਂ ਬਣਾਈਆਂ ਹਨ। ਪਾਕਿਸਤਾਨ ਨੇ ਇਸ ਘਟਨਾ ਲਈ ਕਿਸੇ ਅੱਤਵਾਦੀ ਗੁੱਟ ਨੂੰ ਜ਼ਿੰਮੇਵਾਰ ਨਹੀਂ ਕਿਹਾ, ਭਾਵੇਂ ਜਲਾਲਾਬਾਦ ਵਿੱਚ ਕਈ ਅੱਤਵਾਦੀ ਧੜੇ ਸਰਗਰਮ ਹਨ। ਅੱਤਵਾਦੀਆਂ ਵੱਲੋਂ ਇਸ ਸ਼ਹਿਰ ਵਿੱਚ ਵਿਦੇਸ਼ੀ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਉਣਾ ਨਵੀਂ ਗੱਲ ਨਹੀਂ ਹੈ। ਚਾਰ ਸਾਲ ਪਹਿਲਾਂ ਅਗਸਤ 2013 ਵਿੱਚ ਭਾਰਤੀ ਦੂਤਘਰ ਉੱਤੇ ਹੋਏ ਅੱਤਵਾਦੀ ਹਮਲੇ ਵਿੱਚ ਏਥੇ ਹੀ ਕਈ ਲੋਕਾਂ ਦੀ ਮੌਤ ਹੋ ਗਈ ਸੀ।