ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਇਕਲੌਤਾ ਸਿੱਖ ਉਮੀਦਵਾਰ ਚੋਣ ਮੈਦਾਨ ਵਿੱਚ


ਪੇਸ਼ਾਵਰ, 11 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਸ਼ਹਿਰ ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਰਦੇਸ਼ ਸਿੰਘ ਟੋਨੀ ਇਕੱਲੇ ਅਜਿਹੇ ਉਮੀਦਵਾਰ ਹਨ, ਜੋ ਘੱਟ ਗਿਣਤੀ ਭਾਈਚਾਰੇ ਵਿੱਚੋਂ ਹੁੰਦੇ ਹੋਏ ਜਨਰਲ ਸੀਟ ਉੱਤੇ ਵੱਡੇ ਸਿਆਸੀ ਦਲਾਂ ਦੇ ਉਮੀਦਵਾਰਾਂ ਦੇ ਸਾਹਮਣੇ ਮੈਦਾਨ ਵਿੱਚ ਹਨ।
ਰਦੇਸ਼ ਸਿੰਘ ਦਾ ਕਹਿਣਾ ਹੈ ਕਿ ਇਹ ਮੁਕਾਬਲਾ ਮੁਸ਼ਕਿਲ ਹੈ, ਉਨ੍ਹਾਂ ਨੂੰ ਡਰ ਵੀ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਲੋਕ ਉਨ੍ਹਾਂ ਨੂੰ ਜ਼ਰੂਰ ਵੋਟ ਦੇਣਗੇ। ਉਹ ਪੇਸ਼ਾਵਰ ਦੀ ਅਸੈਂਬਲੀ ਸੀਟ ਨੰਬਰ 75 ਤੋਂ ਚੋਣ ਲੜ ਰਹੇ ਹਨ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਵੋਟ ਦੀ ਅਪੀਲ ਕਰਦੇ ਹਨ। ਰਦੇਸ਼ ਸਿੰਘ ਦਾ ਕਹਿਣਾ ਹੈ ਕਿ ਹਾਲੇ ਉਹ ਤੇ ਉਨ੍ਹਾਂ ਦਾ ਪੁੱਤਰ ਚੋਣ ਪ੍ਰਚਾਰ ਕਰਦੇ ਹਨ, ਪਰ ਉਨ੍ਹਾਂ ਦਾ ਦਾਅਵਾ ਹੈ ਕਿ ਸਥਾਨਕ ਲੋਕ ਉਨ੍ਹਾਂ ਦਾ ਸਮਰਥਨ ਕਰਦੇ ਹਨ। ਕੁਝ ਦਿਨ ਪਹਿਲਾਂ ਸਿੱਖ ਸਮਾਜ ਦੇ ਇਕ ਮੈਂਬਰ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਬਾਵਜੂਦ ਉਨ੍ਹਾਂ ਦਾ ਭਰੋਸਾ ਘੱਟ ਨਹੀਂ ਹੋਇਆ ਅਤੇ ਉਹ ਆਪਣੀ ਜਿੱਤ ਬਾਰੇ ਭਰੋਸੇਮੰਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖੇਤਰ ਦੇ ਮੁਸਲਮਾਨ ਅਤੇ ਦੂਜੇ ਧਰਮਾਂ ਦੇ ਵੋਟਰ ਵੀ ਉਨ੍ਹਾਂ ਦੇ ਪੱਖ ਵਿੱਚ ਖੜ੍ਹੇ ਹਨ।
ਖੈਬਰ ਪਖਤੂਨਖਵਾ ਸੂਬੇ ਤੋਂ ਰਦੇਸ਼ ਸਿੰਘ ਘੱਟ ਗਿਣਤੀ ਭਾਈਚਾਰੇ ਵਿੱਚੋਂ ਇਕੱਲੇ ਉਮੀਦਵਾਰ ਹਨ, ਜੋ ਜਨਰਲ ਸੀਟ ਤੋਂ ਖੜੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 2003 ਤੋਂ ਜਦੋਂ ਘੱਟ ਗਿਣਤੀਆਂ ਲਈ ਵੱਖਰੀਂ ਚੋਣ ਵਿਵਸਥਾ ਖਤਮ ਕਰ ਦਿੱਤੀ ਗਈ ਤਾਂ ਜਨਰਲ ਸੀਟ ਉੱਤੇ ਘੱਟ ਗਿਣਤੀ ਭਾਈਚਾਰੇ ਦਾ ਕੋਈ ਉਮੀਦਵਾਰ ਸਾਹਮਣੇ ਨਹੀਂ ਆਇਆ ਸੀ। ਰਦੇਸ਼ ਸਿੰਘ ਪਹਿਲਾਂ ਨਗਰ ਚੋਣਾ ਵਿੱਚ ਘੱਟ ਗਿਣਤੀ ਭਾਈਚਾਰੇ ਲਈ ਰਿਜ਼ਰਵ ਸੀਟ ਤੋਂ ਕੌਂਸਲਰ ਬਣੇ ਸਨ, ਪਰ ਅਸੈਂਬਲੀ ਚੋਣਾਂ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਕੌਂਸਲਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
49 ਸਾਲਾ ਰਦੇਸ਼ ਸਿੰਘ 2011 ਤੱਕ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਵਿੱਚ ਘੱਟ ਗਿਣਤੀ ਭਾਈਚਾਰਾ ਵਿੰਗ ਦੇ ਨੇਤਾ ਸਨ। ਉਹ ਕਹਿੰਦੇ ਹਨ ਕਿ 2011 ਤੋਂ ਪਿੱਛੋਂ ਪੀ ਟੀ ਆਈ ਵਿੱਚ ਅਮੀਰਾਂ ਨੂੰ ਪਹਿਲ ਦਿੱਤੀ ਜਾਣ ਲੱਗੀ ਤੇ ਉਨ੍ਹਾਂ ਵਰਗੇ ਲੋਕਾਂ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਬਚੀ। ਉਨ੍ਹਾਂ ਨੇ ਪਸ਼ਤੂਨਾਂ ਦੇ ਅੰਦੋਲਨ ਦਾ ਸਮਰਥਨ ਵੀ ਕੀਤਾ, ਪਰ ਅੱਜ ਕੱਲ੍ਹ ਉਹ ਉਸ ਸੰਗਠਨ ਦੇ ਮੈਂਬਰ ਨਹੀਂ ਰਹੇ, ਕਿਉਂਕਿ ਚੋਣਾਂ ਲੜਨ ਦੇ ਫੈਸਲੇ ਕਾਰਨ ਪਸ਼ਤੂਨਾਂ ਦੇ ਅੰਦੋਲਨ ਨੇ ਉਨ੍ਹਾਂ ਨੂੰ ਕੱਢ ਦਿੱਤਾ ਸੀ। ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਸਿਆਸੀ ਪਾਰਟੀਆਂ ਨਾਲ ਕੋਈ ਸੰਪਰਕ ਕੀਤਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਮਜ਼ਦੂਰ ਕਿਸਾਨ ਪਾਰਟੀ ਤੇ ਦੂਜੀਆਂ ਛੋਟੀਆਂ ਪਾਰਟੀਆਂ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਮਜ਼ਦੂਰ ਕਿਸਾਨ ਪਾਰਟੀ ਦੇ ਆਗੂ ਮੁਹੰਮਦ ਨਜ਼ੀਫ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਦੇਸ਼ ਸਿੰਘ ਦਾ ਚੋਣ ਲੜਨਾ ਪੇਸ਼ਾਵਰ ਦੀ ਜਨਤਾ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਰਦੇਸ਼ ਸਿੰਘ ਦੇ ਚੋਣ ਵਿੱਚ ਹੋਣ ਨਾਲ ਦੁਨੀਆ ਵਿੱਚ ਪੇਸ਼ਾਵਰ ਦਾ ਚੰਗਾ ਅਕਸ ਬਣੇਗਾ। ਉਨ੍ਹਾਂ ਮੁਤਾਬਕ ਦੁਨੀਆ ਦੇ ਲੋਕਾਂ ਨੂੰ ਪਤਾ ਲਗੇਗਾ ਕਿ ਪਸ਼ਤੂਨਾਂ ਵਿੱਚ ਹਰ ਧਰਮ ਦੇ ਲੋਕਾਂ ਨੂੰ ਹਿੱਸੇਦਾਰੀ ਦੇਣ ਦਾ ਰਿਵਾਜ ਹੈ। ਉਨ੍ਹਾਂ ਕਿਹਾ ਕਿ ਜਨਰਲ ਸੀਟ ਉੱਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਸਿਆਸੀ ਮੈਦਾਨ ਵਿੱਚ ਆਉਣਾ ਚਾਹੀਦਾ ਹੈ। ਰਦੇਸ਼ ਸਿੰਘ ਟੋਨੀ ਨੂੰ ਦੂਜੇ ਘੱਟ ਗਿਣਤੀ ਦੇ ਭਾਈਚਾਰਿਆਂ ਨੇ ਸਮਰਥਨ ਦੇਣਾ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੀ ਕੋਸ਼ਿਸ਼ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦਾ ਭਰੋਸਾ ਜਿੱਤਣ ਦੀ ਹੈ।