ਪਾਕਿਸਤਾਨ ਦੇ ਐਟਮੀ ਵਿਗਿਆਨਕਾਂ ਦੇ ਤਾਰ ਅੱਤਵਾਦੀਆਂ ਨਾਲ ਜੁੜੇ

ਵਾਸ਼ਿੰਗਟਨ, 10 ਮਈ (ਪੋਸਟ ਬਿਊਰੋ)- ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀ ਆਈ ਏ ਨੇ ਅੱਤਵਾਦੀ ਜਥੇਬੰਦੀਆਂ ਅਤੇ ਪਾਕਿਸਤਾਨ ਦੇ ਐਟਮੀ ਵਿਗਿਆਨਕਾਂ ਦੇ ਤਾਰ ਆਪਸ ਵਿੱਚ ਜੁੜੇ ਹੋਣ ਦੀ ਸ਼ੰਕਾ ਪ੍ਰਗਟ ਕੀਤੀ ਹੈ। ਸੀ ਆਈ ਏ ਦਾ ਇਹ ਵੀ ਕਹਿਣਾ ਹੈ ਕਿ ਇਸ ਗੱਠਜੋੜ ਉੱਤੇ ਕਰੀਬੀ ਨਜ਼ਰ ਰੱਖੀ ਜਾ ਰਹੀ ਹੈ।
ਇਸ ਸੰਬੰਧ ਵਿੱਚ ਸੀ ਆਈ ਏ ਡਾਇਰੈਕਟਰ ਵਜੋਂ ਨਾਮਜ਼ਦ ਜੀਨਾ ਹਾਸਪੇਲ ਨੇ ਬੁੱਧਵਾਰ ਅਮਰੀਕੀ ਪਾਰਲੀਮੈਂਟ ਦੀ ਖ਼ੁਫ਼ੀਆ ਮਾਮਲਿਆਂ ਦੀ ਕਮੇਟੀ ਸਾਹਮਣੇ ਕਿਹਾ ਕਿ ਅੱਤਵਾਦੀਆਂ ਤੇ ਪਾਕਿਸਤਾਨ ਦੇ ਐਟਮੀ ਵਿਗਿਆਨਕਾਂ ਵਿਚਕਾਰ ਗੱਠਜੋੜ ਦੀ ਸ਼ੰਕਾ ਨਾਲ ਡੂੰਘੀ ਚਿੰਤਾ ਹੈ। ਅਸੀਂ ਇਸ ਉੱਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ। ਉਨ੍ਹਾਂ ਇਹ ਜਵਾਬ ਕਮੇਟੀ ਦੇ ਮੈਂਬਰ ਸੈਨੇਟਰ ਜੋਹਨ ਕਾਰਨਿਨ ਦੇ ਇਕ ਸਵਾਲ ਉੱਤੇ ਦਿੱਤਾ। ਹਾਸਪੇਲ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀ ਆਈ ਏ ਦੇ ਡਾਇਰੈਕਟਰ ਦੇ ਅਹੁਦੇ ਉੱਤੇ ਨਾਮਜ਼ਦ ਕੀਤਾ ਹੈ। ਜੇ ਉਨ੍ਹਾਂ ਦੇ ਨਾਂ ਉੱਤੇ ਪਾਰਲੀਮੈਂਟ ਦੀ ਮੋਹਰ ਲੱਗੀ ਗਈ ਤਾਂ ਉਹ ਸੀ ਆਈ ਏ (ਸੈਂਟਰਲ ਇੰਟੈਲੀਜੈਂਸ ਏਜੰਸੀ) ਦੀ ਪਹਿਲੀ ਔਰਤ ਮੁਖੀ ਬਣ ਜਾਣਗੇ।
ਪਾਰਲੀਮੈਂਟਰੀ ਕਮੇਟੀ ਦੀ ਇਸ ਮੀਟਿੰਗ ਵਿੱਚ ਕਾਰਨਿਨ ਨੇ ਕਿਹਾ ਕਿ 11 ਸਤੰਬਰ, 2001 ਦੇ ਅੱਤਵਾਦੀ ਹਮਲੇ ਪਿੱਛੋਂ ਰਾਸ਼ਟਰਪਤੀ ਬੁਸ਼ ਨੇ ਅਲ ਕਾਇਦਾ ਸਰਗਣਾ ਓਸਾਮਾ ਬਿਨ ਲਾਦੇਨ ਅਤੇ ਪਾਕਿਸਤਾਨ ਦੇ ਐਟਮੀ ਪ੍ਰੋਗਰਾਮ ਨਾਲ ਜੁੜੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਦੀਆਂ ਖ਼ਬਰਾਂ ਉੱਤੇ ਚਿੰਤਾ ਪ੍ਰਗਟ ਕੀਤੀ ਸੀ। ਅਜਿਹੀ ਖ਼ਬਰ ਸੀ ਕਿ ਐਟਮੀ ਹਥਿਆਰ ਹਾਸਿਲ ਕਰਨ ਦੇ ਇਰਾਦੇ ਨਾਲ ਇਹ ਮੀਟਿੰਗ ਹੋਈ ਸੀ। ਇਸ ਹਥਿਆਰ ਦੀ ਵਰਤੋਂ ਵਾਸ਼ਿੰਗਟਨ ਡੀ ਸੀ ਵਰਗੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਵਿੱਚ ਹੋ ਸਕਦੀ ਸੀ। ਇਸ ਉੱਤੇ ਹਾਸਪੇਲ ਨੇ ਕਿਹਾ ਕਿ ਯਕੀਨਨ ਅਲ ਕਾਇਦਾ ਦਾ ਇਸ ਤਰ੍ਹਾਂ ਦਾ ਇਰਾਦਾ ਸੀ। ਉਹ ਕਰੂਡ ਅਤੇ ਡਰਟੀ ਬੰਬ ਬਣਾਉਣ ਦੀ ਫਿਰਾਕ ਵਿੱਚ ਸਨ।