ਪਾਕਿਸਤਾਨ ਦੀ ਜਨ ਗਣਨਾ ਵਿੱਚ ਸਿੱਖ ਭਾਈਚਾਰੇ ਨੂੰ ਲਾਂਭੇ ਰੱਖਿਆ ਜਾਣ ਤੋਂ ਰੋਸ

sikh community pakistan
ਪੇਸ਼ਾਵਰ, 19 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੀ ਕੌਮੀ ਜਨ ਗਣਨਾ ਦੇ ਪ੍ਰੋਗਰਾਮ ਵਿਚ ਸਿੱਖ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ। ਬੀਤੇ ਪੇਸ਼ਾਵਰ ਵਿਚ ਸਿੱਖ ਭਾਈਚਾਰੇ ਦੇ ਆਗੂਆਂ ਨੇ ਸਰਕਾਰ ਦੇ ਇਸ ਫੈਸਲੇ ਤੋਂ ਨਿਰਾਸ਼ਾ ਪ੍ਰਗਟਾਈ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ 19 ਸਾਲ ਪਿੱਛੋਂ ਦੇਸ਼ ਵਿਚ ਹੋਈ ਜਨ ਗਣਨਾ ਵਿਚ ਉਨ੍ਹਾਂ ਨੂੰ ਸ਼ਾਮਲ ਨਾ ਕੀਤਾ ਜਾਣਾ ਪਾਕਿਸਤਾਨ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਨੂੰ ਨਕਾਰਨ ਦੇ ਬਰਾਬਰ ਹੈ।
ਪਾਕਿਸਤਾਨ ਦੇ ਸਿੱਖ ਭਾਈਚਾਰੇ ਦੇ ਚੇਅਰਮੈਨ ਰਾਕੇਸ਼ ਸਿੰਘ ਟੋਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਨੂੰ ਮਰਦਮ ਸ਼ੁਮਾਰੀ ਵਿਚ ਸ਼ਾਮਲ ਨਹੀਂ ਕੀਤਾ, ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਚਿੰਤਾ ਵਾਲਾ ਹੈ। ਰਾਕੇਸ਼ ਸਿੰਘ ਟੋਨੀ ਨੇ ਕਿਹਾ ਕਿ ਪਾਕਿਸਤਾਨ ਵਿਚ ਵੱਡੀ ਗਿਣਤੀ ਸਿੱਖ ਭਾਈਚਾਰਾ ਵੱਸਦਾ ਹੈ, ਪਰ ਇਸ ਨੂੰ ਮਰਦਮ ਸ਼ੁਮਾਰੀ ਫਾਰਮ ਦੇ ਧਰਮ ਕਾਲਮ ਵਿਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਫਾਰਮ ਵਿਚ ਸਿੱਖਾਂ ਦੀ ਗਿਣਤੀ ‘ਅਦਰ’ (ਹੋਰ) ਧਰਮ ਦੇ ਖਾਤੇ ਵਿਚ ਕੀਤੀ ਜਾਵੇਗੀ, ਜੋ ਸਿੱਖਾਂ ਲਈ ਠੀਕ ਨਹੀਂ।
ਵਰਨਣ ਯੋਗ ਹੈ ਕਿ 1947 ਦੀ ਵੰਡ ਤੋਂ ਬਾਅਦ ਬਹੁਤ ਸਾਰੇ ਸਿੱਖ ਪਾਕਿਸਤਾਨ ਤੋਂ ਭਾਰਤ ਵਿਚ ਆ ਗਏ ਸਨ, ਪਰ ਫਿਰ ਵੀ ਵੱਡੀ ਗਿਣਤੀ ਵਿਚ ਸਿੱਖ ਪਾਕਿਸਤਾਨ ਵਿਚ ਰਹਿ ਗਏ ਸਨ। ਜ਼ਿਆਦਾਤਰ ਸਿੱਖ ਪਾਕਿਸਤਾਨ ਦੇ ਉੱਤਰੀ-ਪੱਛਮੀ ਇਲਾਕੇ ਵਿਚ ਰਹਿੰਦੇ ਹਨ।
ਇਸ ਮਾਮਲੇ ਸੰਬੰਧੀ ਪਾਕਿਸਤਾਨ ਦੇ ਮਰਦਮ ਸ਼ੁਮਾਰੀ ਵਿਭਾਗ ਦੇ ਬੁਲਾਰੇ ਹਬੀਉੱਲਾ ਖਾਨ ਦਾ ਕਹਿਣਾ ਹੈ ਕਿ ਇਹ ਇਕ ਵੱਡੀ ਗਲਤੀ ਹੈ, ਇਸ ਨੂੰ ਸੁਧਾਰ ਲਿਆ ਜਾਵੇਗਾ। ਉਨ੍ਹਾਂ ਮੰਨਿਆ ਕਿ ਪਾਕਿਸਤਾਨ ਵਿਚ ਸਿੱਖ ਵੱਡੀ ਗਿਣਤੀ ਵਿਚ ਹਨ। ਉਨ੍ਹਾਂ ਕਿਹਾ ਕਿ ਮਰਦਮ ਸ਼ੁਮਾਰੀ ਦੇ ਫਾਰਮ 2007 ਵਿਚ ਛਪੇ ਸਨ। ਇੱਕ 120 ਮੈਂਬਰੀ ਤਕਨੀਕੀ ਕਮੇਟੀ ਦੀ ਸਿਫਾਰਸ਼ ਉੱਤੇ ਮਰਦਮ ਸ਼ੁਮਾਰੀ ਫਾਰਮ ਵਿਚ ਪੰਜ ਧਰਮਾਂ ਨੂੰ ਸ਼ਾਮਲ ਕੀਤਾ ਗਿਆ ਸੀ।