ਪਾਕਿਸਤਾਨ ਦੀਆਂ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਭਰਮਾਰ


-ਰਮੇਸ਼ ਠਾਕੁਰ
ਪਾਕਿਸਤਾਨ ਦੀਆਂ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਨੇ ਇਸ ਵਾਰ ਚੋਣ ਮਾਹੌਲ ਨੂੰ ਦਿਲਚਸਪ ਬਣਾ ਦਿੱਤਾ ਹੈ। ਓਥੋਂ ਦੀਆਂ ਆਮ ਚੋਣਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋ ਰਿਹਾ, ਜਦੋਂ ਮਹਿਲਾ ਉਮੀਦਵਾਰ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੀਆਂ ਹਨ। ਦੋ ਹਫਤਿਆਂ ਬਾਅਦ 25 ਜੁਲਾਈ ਨੂੰ ਪਾਕਿਸਤਾਨ ਦੀਆਂ ਸਾਰੀਆਂ ਪ੍ਰਾਂਤਕ ਅਤੇ 272 ਪਾਰਲੀਮੈਂਟਰੀ ਸੀਟਾਂ ‘ਤੇ ਵੋਟਿੰਗ ਹੋਣੀ ਹੈ।
ਮਹਿਲਾ ਉਮੀਦਵਾਰਾਂ ਦੀ ਹਿੱਸੇਦਾਰੀ ਦਾ ਇੱਕ ਕਾਰਨ ਇਹ ਹੈ ਕਿ ਇਸ ਵਾਰ ਵੱਡੇ ਨੇਤਾ ਚੋਣ ਮੈਦਾਨ ‘ਚੋਂ ਬਾਹਰ ਹਨ। ਭਿ੍ਰਸ਼ਟਾਚਾਰ ਦੇ ਦੋਸ਼ਾਂ ਕਾਰਨ ਪਾਕਿਸਤਾਨ ਮੁਸਲਿਮ ਲੀਗ (ਐੱਨ) ਦੇ ਮੁਖੀ ਨਵਾਜ਼ ਸ਼ਰੀਫ ਦੇ ਚੋਣਾਂ ਲੜਨ ‘ਤੇ ਰੋਕ ਲੱਗ ਗਈ। ਸੁਪਰੀਮ ਕੋਰਟ ਨੇ ਉਨ੍ਹਾਂ ‘ਤੇ ਉਮਰ ਭਰ ਚੋਣ ਲੜਨ ਦੀ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਫੌਜ ਮੁਖੀ ਰਹਿ ਚੁੱਕੇ ਪ੍ਰਵੇਜ਼ ਮੁਸ਼ੱਰਫ ਵਰਗੇ ਨੇਤਾ ਇਸ ਵਾਰ ਆਮ ਚੋਣਾਂ ਤੋਂ ਗਾਇਬ ਹਨ। ਜਿਵੇਂ ਜਿਵੇਂ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਚੋਣ ਬੁਖਾਰ ਵਧੀ ਜਾਂਦਾ ਹੈ ਤੇ ਪੂਰਾ ਦੇਸ਼ ਚੋਣਾਂ ਦੇ ਰੰਗ ਵਿੱਚ ਰੰਗਿਆ ਹੋਇਆ ਹੈ।
ਹਰ ਚੋਣ ਰੈਲੀ ਵਿੱਚ ਔਰਤਾਂ ਪ੍ਰਚਾਰ ਕਰ ਰਹੀਆਂ ਹਨ। ਮਰਦਾਂ ਦੇ ਮੁਕਾਬਲੇ ਉਨ੍ਹਾਂ ਦੀਆਂ ਰੈਲੀਆਂ ਵਿੱਚ ਭੀੜ ਵੀ ਜ਼ਿਆਦਾ ਜੁੜਦੀ ਹੈ ਤੇ ਏਦਾਂ ਲੱਗਦਾ ਹੈ ਕਿ ਬੇਨਜ਼ੀਰ ਭੁੱਟੋ ਤੋਂ ਬਾਅਦ ਪਾਕਿਸਤਾਨ ਦੀ ਸਿਆਸਤ ਵਿੱਚ ਔਰਤਾਂ ਦੇ ਖਲਾਅ ਨੂੰ ਭਰਨ ਦਾ ਹੁਣ ਉਨ੍ਹਾਂ ਨੇ ਮਨ ਬਣਾ ਲਿਆ ਹੋਵੇ। ਇਹ ਵੀ ਨਹੀਂ ਕਿ ਪਾਕਿਸਤਾਨ ਦੀ ਸਿਆਸਤ ਵਿੱਚ ਪਹਿਲਾਂ ਔਰਤਾਂ ਦਾ ਦਖਲ ਨਾ ਰਿਹਾ ਹੋਵੇ। ਸਾਬਕਾ ਪ੍ਰਧਾਨ ਮੰਤਰੀ ਸਵਰਗੀ ਬੇਨਜ਼ੀਰ ਭੁੱਟੋ ਦੀ ਸਿਆਸਤ ਵਿੱਚ ਤੂਤੀ ਬੋਲਦੀ ਸੀ ਤੇ ਦੇਸ਼ ਦੀ ਸਿਆਸਤ ਉਨ੍ਹਾਂ ਦੀ ਮੁੱਠੀ ਵਿੱਚ ਹੁੰਦੀ ਸੀ, ਪਰ 2007 ਵਿੱਚ ਇੱਕ ਚੋਣ ਰੈਲੀ ਦੌਰਾਨ ਰਾਵਲਪਿੰਡੀ ਵਿੱਚ ਉਨ੍ਹਾਂ ਦੀ ਹੱਤਿਆ ਹੋ ਜਾਣ ਪਿੱਛੋਂ ਦੇਸ਼ ‘ਚ ਮਹਿਲਾ ਸਿਆਸਤ ‘ਚ ਖਾਲੀਪਣ ਜਿਹਾ ਆ ਗਿਆ ਸੀ। ਅੱਜ ਵੱਡੀ ਗਿਣਤੀ ‘ਚ ਮਹਿਲਾ ਉਮੀਦਵਾਰ ਉਸ ਦੀ ਪੂਰਤੀ ਕਰ ਰਹੀਆਂ ਹਨ।
ਪਾਕਿਸਤਾਨ ਵਿੱਚ ਦੋ ਸਾਲ ਪਹਿਲਾਂ ਹੋਈਆਂ ਲੋਕਲ ਬਾਡੀਜ਼ ਚੋਣਾਂ ਵਿੱਚ ਵੀ ਕਾਫੀ ਗਿਣਤੀ ਵਿੱਚ ਮਹਿਲਾਵਾਂ ਨੇ ਜਿੱਤ ਦਰਜ ਕੀਤੀ ਸੀ, ਜਿਸ ਨੇ ਪਾਕਿਸਤਾਨੀ ਔਰਤਾਂ ਵਿੱਚ ਜੋਸ਼ ਭਰ ਦਿੱਤਾ। ਇਹੋ ਵਜ੍ਹਾ ਹੈ ਕਿ ਇਸ ਵਾਰ ਦੀਆਂ ਆਮ ਚੋਣਾਂ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਮਹਿਲਾ ਉਮੀਦਵਾਰ ਵਿੱਚ ਹਨ। ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ 272 ਸੀਟਾਂ ਉਤੇ 171 ਮਹਿਲਾ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ।
ਇੱਕ ਸਮਾਂ ਸੀ, ਜਦੋਂ ਪਾਕਿਸਤਾਨ ਦੀ ਸਿਆਸਤ ਵਿੱਚ ਔਰਤਾਂ ਦਾ ਦਖਲ ਨਹੀਂ ਹੁੰਦਾ ਸੀ, ਪਰ ਅੱਜ ਕੱਲ੍ਹ ਜਿਸ ਤਰ੍ਹਾਂ ਇਨ੍ਹਾਂ ਚੋਣਾਂ ਵਿੱਚ ਔਰਤਾਂ ਅੱਗੇ ਹੋ ਕੇ ਹਿੱਸਾ ਲੈ ਰਹੀਆਂ ਹਨ, ਉਹ ਕਾਬਿਲੇ ਤਾਰੀਫ ਹੈ। ਇਹ ਉਨ੍ਹਾਂ ਇਸਲਾਮਕ ਦੇਸ਼ਾਂ ਲਈ ਮਿਸਾਲ ਸਿੱਧ ਹੋ ਸਕਦਾ ਹੈ, ਜਿੱਥੇ ਔਰਤਾਂ ਅਜੇ ਸਿਆਸਤ ਤੋਂ ਦੂਰ ਹਨ। ਪਾਕਿਸਤਾਨ ਦੀਆਂ ਪਾਰਲੀਮੈਂਟਰੀ ਚੋਣਾਂ ਵਿੱਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਚਚੇਰੀ ਭੈਣ ਨੂਰਜਹਾਂ ਵੀ ਮੈਦਾਨ ਵਿੱਚ ਹੈ। ਜਾਣਕਾਰ ਸੂਤਰ ਦੱਸਦੇ ਹਨ ਕਿ ਉਨ੍ਹਾਂ ਦੇ ਚੋਣ ਪ੍ਰਚਾਰ ‘ਚ ਸ਼ਾਹਰੁਖ ਖਾਨ ਜਾ ਸਕਦੇ ਹਨ। ਨੂਰ ਖੈਬਰ-ਪਖਤੂਨਖਵਾ ਦੀ ਅਸੈਂਬਲੀ ਸੀਟ ਪੀ ਕੇ 77 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਉਸ ਤੋਂ ਇਲਾਵਾ ਇੱਕ ਹੋਰ ਮਹਿਲਾ ਉਮੀਦਵਾਰ ਹਮੀਦਾ ਰਸ਼ੀਦ ਅਜਿਹੀ ਸੀਟ ਤੋਂ ਚੋਣ ਲੜ ਰਹੀ ਹੈ, ਜਿੱਥੇ ਕਦੇ ਔਰਤਾਂ ਨੂੰ ਵੋਟ ਤੱਕ ਪਾਉਣ ਦੀ ਇਜਾਜ਼ਤ ਨਹੀਂ ਸੀ। ਉਹ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਵੱਲੋਂ ਚੋਣ ਮੈਦਾਨ ‘ਚ ਹੈ।
ਇਸ ਵਾਰ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ। ਇਸ ਨੂੰ ਤਬਦੀਲੀ ਦੀ ਹਵਾ ਹੀ ਕਹਾਂਗੇ ਕਿ ਸਿੰਧ ਸੀਟ ਤੋਂ ਇੱਕ ਹਿੰਦੂ ਮਹਿਲਾ ਉਮੀਦਵਾਰ ਵੀ ਮੈਦਾਨ ‘ਚ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ 105 ਮਹਿਲਾ ਉਮੀਦਵਾਰ ਖੜ੍ਹੀਆਂ ਕੀਤੀਆਂ ਗਈਆਂ ਹਨ, ਜਦ ਕਿ ਸੱਤਰ ਫੀਸਦੀ ਮਹਿਲਾ ਉਮੀਦਵਾਰ ਆਜ਼ਾਦ ਤੌਰ ਉਤੇ ਚੋਣ ਮੈਦਾਨ ਵਿੱਚ ਹਨ। ਸਭ ਤੋਂ ਵੱਧ 19 ਮਹਿਲਾ ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਹਨ। ਆਪਣੇ ਗਠਨ ਤੋਂ ਬਾਅਦ ਪਾਕਿਸਤਾਨ ਸੰਗੀਨਾਂ ਦੇ ਸਾਏ ਹੇਠ ਰਿਹਾ ਹੈ, ਪਰ ਇਸ ਵਾਰ ਸਿਆਸੀ ਹਾਲਾਤ ਬਦਲਦੇ ਦਿਖਾਈ ਦੇਣ ਲੱਗੇ ਹਨ ਅਤੇ ਉਥੋਂ ਦੇ ਸਿਆਸਤਦਾਨ ਮਹਿਲਾ ਸ਼ਕਤੀਕਰਨ ਦੀ ਅਹਿਮੀਅਤ ਜਾਣ ਚੁੱਕੇ ਹਨ। ਉਨ੍ਹਾਂ ਨੂੰ ਹੁਣ ਲੱਗਣ ਲੱਗਾ ਹੈ ਕਿ ਔਰਤਾਂ ਤੋਂ ਬਿਨਾਂ ਉਨ੍ਹਾਂ ਦੀ ਬੇੜੀ ਪਾਰ ਨਹੀਂ ਲੱਗਣੀ।
ਪਾਕਿਸਤਾਨ ਦੀਆਂ ਮੌਜੂਦਾ ਚੋਣਾਂ ਵਿੱਚ ਆਪਣੀ ਹਿੱਸੇਦਾਰੀ ਨਾਲ ਉਥੋਂ ਦੀਆਂ ਔਰਤਾਂ ਬੰਦਿਸ਼ਾਂ ਦੀਆਂ ਬੇੜੀਆਂ ਤੋੜਨ ਦਾ ਕੰਮ ਕਰ ਰਹੀਆਂ ਹਨ। ਚੋਣ ਲੜ ਰਹੀਆਂ 171 ਮਹਿਲਾ ਉਮੀਦਵਾਰਾਂ ਵਿੱਚੋਂ ਜੇ 50 ਫੀਸਦੀ ਵੀ ਜਿੱਤ ਜਾਣ ਤਾਂ ਪਾਕਿਸਤਾਨ ‘ਚ ਵੱਖਰੀ ਫਿਜ਼ਾ ਹੋਵੇਗੀ। ਪਾਕਿਸਤਾਨ ਦੇ ਮਰਦ ਸਿਆਸਤਦਾਨਾਂ ਦੀ ਮੂਲ ਸਮੱਸਿਆ ਭਾਰਤ ਨੂੰ ਲੈ ਕੇ ਰਹੀ ਹੈ। ਉਨ੍ਹਾਂ ਨੇ ਹਮੇਸ਼ਾ ਦੋਵਾਂ ਮੁਲਕਾਂ ਦੇ ਲੋਕਾਂ ਅੰਦਰ ਨਫਰਤ ਤੇ ਜ਼ਹਿਰ ਭਰਨ ਦਾ ਕੰਮ ਕੀਤਾ ਹੈ। ਪਾਕਿਸਤਾਨ ਵਿੱਚ ਮਹਿਲਾ ਸ਼ਕਤੀਕਰਨ ਦੀ ਜਦੋਂ ਵੀ ਗੱਲ ਕੀਤੀ ਜਾਂਦੀ ਹੈ, ਉਦੋਂ ਸਿਰਫ ਸਿਆਸੀ ਅਤੇ ਆਰਥਿਕ ਪਹਿਲੂ ‘ਤੇ ਚਰਚਾ ਹੁੰਦੀ ਹੈ, ਔਰਤਾਂ ਦੇ ਸਮਾਜਕ ਸ਼ਕਤੀਕਰਨ ਦੀ ਨਹੀਂ।
ਇਤਿਹਾਸਕ ਤੌਰ ‘ਤੇ ਪਾਕਿਸਤਾਨ ਵਿੱਚ ਔਰਤਾਂ ਨੂੰ ਦੂਜੇ ਦਰਜੇ ਦੀਆਂ ਨਾਗਰਿਕ ਮੰਨਿਆ ਜਾਂਦਾ ਰਿਹਾ ਹੈ। ਇਨ੍ਹਾਂ ਸਥਿਤੀਆਂ ‘ਚ ਉਨ੍ਹਾਂ ਨੂੰ ਸਿਆਸੀ ਤੇ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੀ ਗੱਲ ਹਾਲੇ ਤੱਕ ਬੇਅਰਥ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਬੇਸ਼ੱਕ ਪਾਕਿਸਤਾਨੀ ਔਰਤਾਂ ਨੂੰ ਕਈ ਕਾਨੂੰਨੀ ਅਧਿਕਾਰ ਮਿਲੇ ਹਨ, ਪਰ ਜਦੋਂ ਤੱਕ ਔਰਤਾਂ ਸਿਆਸੀ ਤੌਰ ‘ਤੇ ਮਜ਼ਬੂਤ ਨਹੀਂ ਹੋਣਗੀਆਂ, ਉਨ੍ਹਾਂ ਦਾ ਭਲਾ ਹੋਣ ਵਾਲਾ ਨਹੀਂ। ਇਹ ਚੋਣਾਂ ਔਰਤਾਂ ਲਈ ਚੰਗਾ ਮੌਕਾ ਲਿਆਈਆਂ ਹਨ। ਔਰਤਾਂ ਦੀ ਖਰਾਬ ਸਥਿਤੀ ਬਾਰੇ ‘ਪੀਸ ਰਿਸਰਚ ਇੰਸਟੀਚਿਊਟ ਆਫ ਓਸਲੋ’ ਦੀ ਰਿਪੋਰਟ ਮੁਤਾਬਕ 153 ਦੇਸ਼ਾਂ ‘ਚ ਪਾਕਿਸਤਾਨ ਅੱਧੀ ਆਬਾਦੀ (ਭਾਵ ਔਰਤਾਂ) ਦੀ ਤਰਸਯੋਗ ਹਾਲਤ ਦੇ ਮਾਮਲੇ ਵਿੱਚ ਚੌਥੇ ਨੰਬਰ ਉਤੇ ਹੈ। ਰਿਪੋਰਟ ਵਿੱਚ ਪਾਕਿਸਤਾਨ ਦੀਆਂ ਔਰਤਾਂ ਦੀ ਨਿਆਇਕ, ਸੁਰੱਖਿਆ ਤੇ ਵਿੱਤੀ ਹਾਲਤ ‘ਤੇ ਚਿੰਤਾ ਪ੍ਰਗਟਾਈ ਗਈ ਹੈ।
ਇਨ੍ਹਾਂ ਮੁਸ਼ਕਲ ਸਥਿਤੀਆਂ ਦੇ ਬਾਵਜੂਦ ਅੱਜ ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਭਰਮਾਰ ਇੱਕ ਆਸ ਦੀ ਕਿਰਨ ਵਾਂਗ ਹੈ। ਆਖਿਰ ਪਾਕਿਸਤਾਨੀ ਔਰਤਾਂ ਨੇ ਇਹ ਗੱਲ ਸਮਝਣੀ ਸ਼ੁਰੂ ਕਰ ਦਿੱਤੀ ਹੈ ਕਿ ਸਿਖਿਆ ਹੀ ਉਨ੍ਹਾਂ ਦੇ ਸ਼ਕਤੀਕਰਨ ਲਈ ਇੱਕ ਕਾਰਗਰ ਹਥਿਆਰ ਹੈ। ਪਿਛਲੇ ਕੁਝ ਸਾਲਾਂ ਵਿੱਚ ਸਿਖਿਆ ਨੂੰ ਆਪਣੀ ਤਰਜੀਹੀ ਸੂਚੀ ‘ਚ ਪਹਿਲੇ ਨੰਬਰ ‘ਤੇ ਰੱਖਣ ਵਾਲੀਆਂ ਪਾਕਿਸਤਾਨੀ ਔਰਤਾਂ ਦਾ ਸਪੱਸ਼ਟ ਕਹਿਣਾ ਹੈ ਕਿ ਸਿਖਿਆ ਵਿੱਚ ਉਨ੍ਹਾਂ ਦਾ ਵਿਕਾਸ ਲੁਕਿਆ ਹੈ ਤੇ ਅਸੀਂ ਉਮੀਦ ਕਰਾਂਗੇ ਕਿ ਚੋਣਾਂ ਦੇ ਨਤੀਜੇ ਪਾਕਿਸਤਾਨ ਦੀਆਂ ਮਹਿਲਾ ਉਮੀਦਵਾਰਾਂ ਦੇ ਪੱਖ ਵਿੱਚ ਹੋਣ।