ਪਾਕਿਸਤਾਨੀ ਪਾਰਲੀਮੈਂਟ ਮੈਂਬਰ ਨੇ ਮਹਿਲਾ ਐੱਮ ਪੀ ਦੇ ਸਾੜ੍ਹੀ ਪਾਉਣ ਉੱਤੇ ਇਤਰਾਜ਼ ਕੀਤਾ


ਇਸਲਾਮਾਬਾਦ, 11 ਫਰਵਰੀ, (ਪੋਸਟ ਬਿਊਰੋ)- ਜਮੀਅਤ ਉਲੇਮਾ-ਏ-ਇਸਲਾਮ ਫਜ਼ਲ ਦੇ ਇਕ ਪਾਰਲੀਮੈਂਟ ਮੈਂਬਰ ਨੇ ਮੁਤਾਹਿਦਾ ਕੌਮੀ ਮੂਵਮੈਂਟ (ਐੱਮ ਕਿਊ ਐੱਮ) ਦੀ ਪਾਰਲੀਮੈਂਟ ਮੈਂਬਰ ਨਸਰੀਨ ਜਲੀਲ ਦੀ ਨੁਕਤਾਚੀਨੀ ਕਰਦੇ ਹੋਏ ਉਸ ਦੇ ਪਹਿਰਾਵੇ ਦੀ ਨਿੰਦਾ ਕੀਤੀ ਹੈ। ਸੈਨੇਟ ਦੀ ਕਾਰਜਕਾਰਨੀ ਬੈਠਕ ਦੀ ਮੀਟਿੰਗ ਦੌਰਾਨ ਇਸਲਾਮ ਦਾ ਹਵਾਲਾ ਦਿੰਦੇ ਹੋਏ ਉਸ ਪਾਰਲੀਮੈਂਟ ਮੈਂਬਰ ਨੇ ਨਸਰੀਨ ਦੇ ਸਾੜ੍ਹੀ ਪਾਉਣ ਦਾ ਮੁੱਦੇ ਚੁੱਕਿਆ।
ਨਸਰੀਨ ਜਲੀਲ ਦੀ ਪ੍ਰਧਾਨਗੀ ਹੇਠ ਮਨੁੱਖੀ ਅਧਿਕਾਰਾਂ ਬਾਰੇ ਸੈਨੇਟ ਦੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਇਹ ਮੁੱਦਾ ਚੁੱਕਿਆ ਗਿਆ ਹੈ। ਇਕ ਅੰਗਰੇਜ਼ੀ ਅਖਬਾਰ ਦੇ ਮੁਤਾਬਕ ਪਾਰਲੀਮੈਂਟ ਮੈਂਬਰ ਮੁਫਤੀ ਅਬਦੁੱਲ ਸੱਤਾਰ ਨੇ ਸਾੜ੍ਹੀ ਪਹਿਨ ਕੇ ਆਈ ਨਸਰੀਨ ਜਲੀਲ ਨੂੰ ਕਿਹਾ ਕਿ ਉਹੋ ਜਿਹੀ ਯੋਗ ਔਰਤ ਨੂੰ ਮੁਸਲਮਾਨ ਦੇ ਤੌਰ ਉੱਤੇ ਹਾਜ਼ਰੀ ਲਵਾਉਣੀ ਚਾਹੀਦੀ ਹੈ। ਨਸਰੀਨ ਜਲੀਲ ਦੀ ਪ੍ਰਧਾਨਗੀ ਹੇਠਲੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸੱਤਾਰ ਨੇ ਕਿਹਾ, ‘ਇਸਲਾਮ ਦੇ ਮੁਤਾਬਕ ਔਰਤਾਂ ਲਈ ਚਿਹਰਾ, ਹੱਥ ਤੇ ਪੈਰਾਂ ਨੂੰ ਛੱਡ ਕੇ ਪੂਰਾ ਸਰੀਰ ਢੱਕਣਾ ਜ਼ਰੂਰੀ ਹੈ।’ ਉਨ੍ਹਾਂ ਨੇ ਅੱਗੇ ਕਿਹਾ, ‘ਅੱਲਾਹ ਨੇ ਤੁਹਾਨੂੰ ਇੰਨੀ ਉੱਚਾਈ ਉੱਤੇ ਪੁਚਾਇਆ ਹੈ। ਇਸ ਲਈ ਤੁਹਾਨੂੰ ਹੋਰ ਔਰਤਾਂ ਦੇ ਆਦਰਸ਼ ਬਣਨਾ ਚਾਹੀਦਾ ਹੈ।’ ਇਸ ਟਿੱਪਣੀ ਉੱਤੇ ਨਸਰੀਨ ਜਲੀਲ ਨੇ ਉਸ ਨੂੰ ਯਾਦ ਦਿਵਾਇਆ ਕਿ ਉਹ 74 ਸਾਲਾ ਔਰਤ ਹੈ, ਜਿਸ ਨੇ ਮੌਤ ਨੂੰ ਹਰਾਇਆ ਹੈ। ਉਸ ਨੇ ਸੱਤਾਰ ਤੋਂ ਹੀ ਪੁੱਛਿਆ ਕਿ ਉਸ ਦੇ ਮੁਤਾਬਕ ਮੈਨੂੰ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਹਨ।