ਪਾਕਿਸਤਾਨੀ ਦੇ ਸਿੱਖ ਆਗੂ ਵੱਲੋਂ ਸ਼ਮਸ਼ਾਨਘਾਟ ਬਣਾਉਣ ਲਈ ਕੋਰਟ ਵਿੱਚ ਅਰਜ਼ੀ


ਪੇਸ਼ਾਵਰ, 16 ਮਈ (ਪੋਸਟ ਬਿਊਰੋ)- ਪਾਕਿਸਤਾਨ ਦੇ ਉੱਤਰੀ-ਪੱਛਮੀ ਸਰਹੱਦੀ ਸੂਬੇ ਖੈਬਰ ਪਖਤੂਨਖਵਾ ਦੇ ਇਕ ਸਿੱਖ ਆਗੂ ਨੇ ਪੇਸ਼ਾਵਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਅਦਾਲਤ ਇਸ ਰਾਜ ਦੀ ਸਰਕਾਰ ਨੂੰ ਆਦੇਸ਼ ਦੇਵੇ ਕਿ ਉਹ ਸੂਬਾਈ ਰਾਜਧਾਨੀ ਵਿੱਚ ਸਿੱਖ ਭਾਈਚਾਰੇ ਲਈ ਸ਼ਮਸ਼ਾਨਘਾਟ ਬਣਾਉਣ ਵਾਸਤੇ ਫੰਡ ਜਾਰੀ ਕਰੇ। ਸ਼ਮਸ਼ਾਨਘਾਟ ਦੀ ਘਾਟ ਕਰਕੇ ਸਿੱਖ ਭਾਈਚਾਰੇ ਨੂੰ ਦੇਹਾਂ ਨੂੰ ਦਫ਼ਨਾਉਣ ਲਈ ਮਜਬੂਰ ਹੋਣਾ ਪੈਂਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਸਿੱਖ ਭਾਈਚਾਰੇ ਦੇ ਆਗੂ ਗੁਰਪਾਲ ਸਿੰਘ ਨੇ ਆਪਣੇ ਵਕੀਲ ਰਾਹੀਂ ਪਟੀਸ਼ਨ ਦਾਖਲ ਕਰ ਕੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਨੂੰ ਅਦਾਲਤ ਇਹ ਹੁਕਮ ਦੇਵੇ ਕਿ ਉਹ ਸਾਲ 2017-18 ਦੇ ਬਜਟ ਵਿਚੋਂ ਤਿੰਨ ਕਰੋੜ ਰੁਪਏ ਜਾਰੀ ਕਰੇ ਤਾਂ ਕਿ ਸਿੱਖ ਭਾਈਚਾਰੇ ਲਈ ਸ਼ਮਸ਼ਾਨਘਾਟ ਅਤੇ ਈਸਾਈ ਭਾਈਚਾਰੇ ਲਈ ਕਬਰਿਸਤਾਨ ਦੀ ਉਸਾਰੀ ਕੀਤੀ ਜਾ ਸਕੇ। ਸਰਕਾਰ ਨੇ ਅਜੇ ਤਕ ਨਾ ਇਸ ਦੀ ਕੋਈ ਯੋਜਨਾ ਬਣਾਈ ਹੈ ਅਤੇ ਨਾ ਫੰਡ ਜਾਰੀ ਕੀਤੇ ਹਨ।
ਗੁਰਪਾਲ ਸਿੰਘ ਨੇ ਇਸ ਅਰਜ਼ੀ ਵਿੱਚ ਕਿਹਾ ਕਿ ਖ਼ੈਬਰ ਪਖਤੂਨਖਵਾ ਸੂਬੇ ਵਿੱਚ 60 ਹਜ਼ਾਰ ਸਿੱਖ ਰਹਿੰਦੇ ਹਨ ਤੇ ਇਕੱਲੇ ਪੇਸ਼ਾਵਰ ਵਿੱਚ 15 ਹਜ਼ਾਰ ਸਿੱਖ ਰਹਿੰਦੇ ਹਨ। ਇਸ ਦੇ ਬਾਵਜੂਦ ਇਥੇ ਕੋਈ ਸ਼ਮਸ਼ਾਨਘਾਟ ਨਹੀਂ ਅਤੇ ਸਿੱਖਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਤੋਂ ਨੇੜਲਾ ਸ਼ਮਸ਼ਾਨਘਾਟ ਅੱਟਕ ਵਿੱਚ ਹੈ ਜਿਹੜਾ ਪੇਸ਼ਾਵਰ ਤੋਂ 45 ਕਿਲੋਮੀਟਰ ਦੂਰ ਹੈ। ਅੱਟਕ ਦੇ ਸ਼ਮਸ਼ਾਨਘਾਟ ਦੀ ਵਰਤੋਂ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਕਰਦੇ ਹਨ। ਖ਼ੈਬਰ ਇਲਾਕੇ ਦੇ ਜ਼ਿਆਦਾ ਸਿੱਖ ਗ਼ਰੀਬ ਹੋਣ ਕਾਰਨ ਇੰਨੀ ਦੂਰ ਜਾ ਕੇ ਸਸਕਾਰ ਕਰਨ ਦਾ ਖ਼ਰਚਾ ਨਹੀਂ ਝੱਲ ਸਕਦੇ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸਾਲ 2017-18 ਦੇ ਬਜਟ ਵਿੱਚ ਸਰਕਾਰ ਨੇ ਘੱਟ ਗਿਣਤੀਆਂ ਲਈ ਚੋਖੇ ਫੰਡ ਰੱਖੇ ਸਨ, ਜਿਨ੍ਹਾਂ ਵਿੱਚ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਲਈ ਐਂਬੂਲੈਂਸ ਸੇਵਾ ਦੇਣਾ ਵੀ ਸ਼ਾਮਿਲ ਹੈ, ਪ੍ਰੰਤੂ ਸਰਕਾਰ ਵਾਅਦੇ ਤੋਂ ਮੱਕਰ ਗਈ ਹੈ। ਪਟੀਸ਼ਨਰ ਨੇ ਕਿਹਾ ਹੈ ਕਿ ਅਦਾਲਤ ਸੂਬਾ ਸਰਕਾਰ ਨੂੰ ਆਦੇਸ਼ ਜਾਰੀ ਕਰੇ ਕਿ ਪਿਸ਼ਾਵਰ ਨੇੜੇ ਸ਼ਮਸ਼ਾਨਘਾਟ ਦੀ ਉਸਾਰੀ ਕਰ ਕੇ ਆਧੁਨਿਕ ਸਹੂਲਤਾਂ ਦੇਵੇ। ਗੁਰਪਾਲ ਸਿੰਘ ਦੇ ਵਕੀਲ ਮੁਹੰਮਦ ਖੁਰਸ਼ੀਦ ਨੇ ਕਿਹਾ ਕਿ ਪਾਕਿਸਤਾਨ ਦਾ ਸੰਵਿਧਾਨ ਹਰ ਵਿਅਕਤੀ ਨੂੰ ਸ਼ਾਨ ਨਾਲ ਜੀਣ ਦਾ ਅਧਿਕਾਰ ਦਿੰਦਾ ਹੈ ਤੇ ਸਿੱਖ ਭਾਈਚਾਰੇ ਨੂੰ ਆਪਣੇ ਸਬੰਧੀਆਂ ਦੀਆਂ ਆਖ਼ਰੀ ਰਸਮਾਂ ਸਨਮਾਨ ਨਾਲ ਪੂਰੀਆਂ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ।