ਪਾਓ ਨਿਮਰਤਾ ਦਾ ਗਹਿਣਾ

-ਗੁਰਦਾਸ ਸਿੰਘ ਸੇਖੋਂ
ਨਿਮਰਤਾ ਜੀਵਨ ਦੀ ਜਾਂਚ ਦਾ ਮੂਲ ਤੱਤ ਅਤੇ ਕੀਮਤੀ ਗਹਿਣਾ ਹੈ। ਇਸ ਗਹਿਣੇ ਨਾਲ ਵੱਡੀ ਤੋਂ ਵੱਡੀ ਮੁਸ਼ਕਿਲ ਦਾ ਹੱਲ ਸਹਿਜਤਾ ਨਾਲ ਕਰਦੇ ਹੋਏ ਸੁੱਖ, ਸ਼ਾਂਤੀ ਤੇ ਖੁਸ਼ੀ ਦੀਆਂ ਨਿਆਮਤਾਂ ਦਾ ਰੰਗ ਮਾਣਿਆ ਜਾ ਸਕਦਾ ਹੈ। ਨਿਮਰਤਾ ਦਾ ਅਰਥ ਹੈ ਨੀਵਾਂ ਹੋਣਾ, ਝੁਕਣਾ, ਨਿਊਣਾ, ਭਾਵ ਬੇਹੱਦ ਹਲੀਮੀ ਤੇ ਠਰੰ੍ਹਮੇ ਨਾਲ ਪੇਸ਼ ਆਉਣਾ। ਨਿਮਰਤਾ ਹੋਰਨਾਂ ਪ੍ਰਤੀ ਅਸੀਮ ਅਦਬ ਤੇ ਪਿਆਰ ਦੀ ਭਾਵਨਾ ਜਗਾਉਂਦੀ ਹੈ। ਇਸ ਪਿਆਰ ਨਾਲ ਲਬਰੇਜ਼ ਮਨੁੱਖ ਨੂੰ ਸਦੀਵੀ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਨਿਮਰਤਾ ਸ਼ਾਂਤੀ ਤੇ ਸਾਦਗੀ ਦਾ ਦੂਜਾ ਨਾਂ ਹੈ। ਸ਼ਾਂਤੀ ਦੇ ਪੰੁਜ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹਲੀਮੀ ਤੇ ਨਿਮਰਤਾ ਦੀ ਸਭ ਤੋਂ ਵੱਡੀ ਮਿਸਾਲ ਹੈ। ਨਿਮਰਤਾ ਦਾ ਗੁਣ ਨਿਰਵੈਰਤਾ ਵਿੱਚੋਂ ਪੈਦਾ ਹੁੰਦਾ ਹੈ।
ਨਿਮਰ ਮਨੁੱਖ ਵਿੱਚ ਸੰਜਮ, ਮਿਲਵਰਤਨ ਤੇ ਸਹਿਯੋਗ ਵਰਗੇ ਗੁਣ ਆਪ ਮੁਹਾਰੇ ਫੁੱਟ ਪੈਂਦੇ ਹਨ। ਅਜਿਹਾ ਮਨੁੱਖ ਹਰ ਵਰਤਾਰੇ ਵਿੱਚ ਸੁਚੱਜ ਤੇ ਸਿਆਣਪ ਦਾ ਪੁਤਲਾ ਸਾਬਤ ਹੁੰਦਾ ਹੈ। ਸਰੀਰਕ ਬਲ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਕੋਈ ਵਿਅਕਤੀ ਕਿੰਨਾ ਭਾਰ ਚੁੱਕ ਸਕਦਾ ਹੈ, ਪਰ ਆਤਮਿਕ ਬਲ ਦੀ ਪਛਾਣ ਕਿਸੇ ਵਿਅਕਤੀ ਦੀ ਸਹਿਣ ਸ਼ਕਤੀ ਤੇ ਨਿਮਰਤਾ ਤੋਂ ਕੀਤੀ ਜਾ ਸਕਦੀ ਹੈ। ਸੰਸਾਰ ਵਿੱਚ ਕੋਈ ਵੀ ਮਨੁੱਖ ਸੰਪੂਰਨ ਨਹੀਂ। ਹਰ ਮਨੁੱਖ ਕਿਸੇ ਨਾ ਕਿਸੇ ਔਗੁਣ ਰੂਪੀ ਜੰਜਾਲ ਵਿੱਚ ਫਸਿਆ ਹੋਇਆ ਹੈ, ਫਿਰ ਵੀ ਜੇ ਅਸੀਂ ਚਾਹੀਏ ਤਾਂ ਆਪਣੀ ਸਮਰੱਥਾ ਤੇ ਇੱਛਾ ਸ਼ਕਤੀ ਅਨੁਸਾਰ ਜੀਵਨ ਸ਼ੈਲੀ ਵਿੱਚ ਉਤਸ਼ਾਹ ਜਨਕ ਤਬਦੀਲੀ ਲਿਆ ਸਕਦੇ ਹਾਂ। ਜੀਵਨ ਸ਼ੈਲੀ ਦਾ ਸਬੰਧ ਸਮਾਜਿਕ ਕਦਰਾਂ ਕੀਮਤਾਂ ਨਾਲ ਹੈ। ਇਨ੍ਹਾਂ ਕਦਰਾਂ ਕੀਮਤਾਂ ਤੋਂ ਸੱਖਣਾ ਮਨੁੱਖ ਵਿਕਾਸ ਦੀ ਬਜਾਇ ਵਿਨਾਸ਼ ਵੱਲ ਵਧਦਾ ਹੈ।
ਕਈ ਮਨੁੱਖ ਇਸ ਕਰਕੇ ਨਿਮਰਤਾ ਦੇ ਹੱਕ ਵਿੱਚ ਨਹੀਂ ਹੁੰਦੇ ਕਿ ਲੋਕ ਉਨ੍ਹਾਂ ਨੂੰ ਕਮਜ਼ੋਰ ਕਹਿਣਗੇ, ਪਰ ਏਦਾਂ ਦੀ ਦਲੀਲ ਨਿਰ-ਆਧਾਰ ਹੈ, ਕਿਉਂਕਿ ਨਿਮਰਤਾ ਕਮਜ਼ੋਰੀ ਨਹੀਂ, ਖੂਬੀ ਹੁੰਦੀ ਹੈ ਅਤੇ ਨਿਮਰ ਮਨੁੱਖ ਘੁਮੰਡੀ ਤੇ ਹੈਂਕੜਬਾਜ਼ ਮਨੁੱਖ ਨਾਲੋਂ ਆਤਮਿਕ ਤੌਰ ‘ਤੇ ਕਈ ਗੁਣਾਂ ਵਧੇਰੇ ਬਲਵਾਨ ਹੁੰਦਾ ਹੈ। ਸਮਾਜ ਦੇ ਮਨ ਦੀਆਂ ਸਫਾਂ ਵਿੱਚ ਨਿਮਰ ਮਨੁੱਖਾਂ ਦਾ ਵਾਸਾ ਹੁੰਦਾ ਹੈ। ਘੁਮੰਡੀ ਮਨੁੱਖ ਨੂੰ ਵਹਿਮ ਹੁੰਦਾ ਹੈ ਕਿ ਉਹ ਲੋਕ ਮਨਾਂ ਦਾ ਰਾਜਾ ਹੈ। ਅਜਿਹੇ ਮਨੁੱਖ ਮਨੁੱਖਤਾ ਨਾਲ ਸਦਾ ਧ੍ਰੋਹ ਕਮਾਉਂਦੇ ਹਨ।
ਨਿਮਰ ਮਨੁੱਖ ਵਾਂਗ ਕਿਸੇ ਅੱਗੇ ਨੀਵਾਂ ਹੋਣ ਤੇ ਕੁਬੋਲਾਂ ਦਾ ਜਵਾਬ ਮਿੱਠੇ ਬੋਲਾਂ ਵਿੱਚ ਦੇਣ ਨਾਲ ਮਾਣ ਘਟਦਾ ਨਹੀਂ ਸਗੋਂ ਵਧਦਾ ਹੈ। ਫਲਾਂ ਨਾਲ ਲੱਦੇ ਰੁੱਖ ਹਮੇਸ਼ਾਂ ਨੀਵੇਂ ਹੁੰਦੇ ਹਨ। ਸਿੰਮਲ ਦਾ ਰੁੱਖ ਬਹੁਤ ਲੰਮਾ ਤੇ ਲੁਭਾਉਣੇ ਫਲਾਂ ਵਾਲਾ ਹੁੰਦਾ ਹੈ, ਪਰ ਇਸ ਦੇ ਫਲ ਤੇ ਪੱਤੇ ਬੇਸੁਆਦੇ ਹੁੰਦੇ ਹਨ ਜੋ ਕਿਸੇ ਪੰਛੀ ਦੀ ਭੁੱਖ ਨਹੀਂ ਮਿਟਾਉਂਦੇ। ਇਸੇ ਤਰ੍ਹਾਂ ਨਿਮਰਤਾ ਤੋਂ ਸੱਖਣੇ ਅਮੀਰ ਤੇ ਹੰਕਾਰੀ ਮਨੁੱਖਾਂ ਦਾ ਜੀਵਨ ਦੂਜਿਆਂ ਲਈ ਅਰਥਹੀਣ ਤੇ ਆਸ਼ਾਹੀਣ ਹੁੰਦਾ ਹੈ। ਖਾਲੀ ਭਾਂਡਾ ਆਮ ਤੌਰ ‘ਤੇ ਵਧੇਰੇ ਸ਼ੋਰ ਦਿੰਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਗੁਣਹੀਣ ਮਨੁੱਖ ਦੂਜਿਆਂ ‘ਤੇ ਚੀਕ ਕੇ ਚੌਧਰ ਦਿਖਾਉਂਦਾ ਹੈ। ਤੱਕੜੀ ਦਾ ਓਹੀ ਪਲੜਾ ਝੁਕਦਾ ਹੈ ਜੋ ਭਾਰਾ ਹੁੰਦਾ ਹੈ।
ਨਿਮਰਤਾ ਦੀ ਝਲਕ ਸਾਡੀ ਬੋਲਬਾਣੀ, ਪਹਿਰਾਵੇ ਤੇ ਨਿੱਤ ਦੇ ਕੰਮਾਂ ਤੋਂ ਮਿਲਦੀ ਹੈ। ਨਿਮਰ ਮਨੁੱਖ ਵਿੱਚ ਗਿਆਨ ਦਾ ਪ੍ਰਕਾਸ਼ ਉਮੜ ਪੈਂਦਾ ਹੈ, ਜਿਸ ਨਾਲ ਹੰਕਾਰ ਰੂਪੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਹੰਕਾਰੀ ਵਿਅਕਤੀ ਦਿਖਾਵੇ ਭਰੀ ਬਣਾਉਟੀ ਜ਼ਿੰਦਗੀ ਜਿਉਂਦਾ ਹੈ, ਨਿਮਰ ਮਨੁੱਖ ‘ਮਨ ਨੀਵਾਂ ਮੱਤ ਉਚੀ’ ਸੰਕਲਪ ਦਾ ਵਿਸ਼ਵਾਸ ਰੱਖਦਾ ਹੈ, ਕਿਉਂਕਿ ਮਨ ਨੀਵਾਂ ਹੋਣ ਨਾਲ ਸਾਰੇ ਝਗੜੇ ਝਮੇਲੇ ਆਪੇ ਨਿਪਟ ਜਾਂਦੇ ਹਨ। ਨਿਮਰ ਮਨੁੱਖ ਵਿੱਚ ਮਾਫ ਕਰਨ ਅਤੇ ਮਾਫੀ ਮੰਗਣ ਵਰਗੇ ਅਨਮੋਲ ਗੁਣਾਂ ਦਾ ਵਾਸਾ ਹੁੰਦਾ ਹੈ। ਮਨੋ ਵਿਗਿਆਨ ਅਨੁਸਾਰ ਮਾਫ ਕਰਨ ਤੇ ਮਾਫੀ ਮੰਗਣ ਨਾਲ ਦਿਲ ਹਲਕਾ ਹੋ ਜਾਂਦਾ ਤੇ ਮਨੁੱਖ ਪੂਰਬਲੀ ਅਵਸਥਾ ਨਾਲੋਂ ਹਜ਼ਾਰ ਗੁਣਾਂ ਬਿਹਤਰ ਮਹਿਸੂਸ ਕਰਦਾ ਹੈ। ਘੁਮੰਡੀ ਮਨੁੱਖ ਆਪਣੇ ਅੜੀਅਲ ਸੁਭਾਅ ਕਾਰਨ ਨਾ ਕਦੀ ਮਾਫੀ ਮੰਗਦਾ ਤੇ ਨਾ ਮਾਫ ਕਰਨ ਦਾ ਜਿਗਰਾ ਦਿਖਾਉਂਦਾ ਹੈ। ਨਿਮਰਤਾ ਅਹਿੰਸਾ ਦਾ ਆਧਾਰ ਤਿਆਰ ਕਰਦੀ ਹੈ। ਵਰਤਮਾਨ ਸਮੇਂ ਵਿੱਚ ਬੱਚਿਆਂ ਪ੍ਰਤੀ ਸ਼ਕਤੀ ਨਾਲ ਪੇਸ਼ ਆਉਣ ਦੀ ਬਜਾਏ ਪਿਆਰ ਤੇ ਨਿਮਰ ਵਿਹਾਰ ਨਾਲ ਸਾਰਥਿਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਪਰਵਾਰ ਵਿੱਚ ਪਤੀ-ਪਤਨੀ, ਸੱਸ-ਨੂੰਹ ਤੇ ਬਾਕੀ ਰਿਸ਼ਤਿਆਂ ਵਿੱਚ ਤਣਾਓ ਦਾ ਕਾਰਨ ਦੋਵਾਂ ਧਿਰਾਂ ਵਿੱਚ ਸਹਿਣਸ਼ੀਲਤਾ ਦੀ ਘਾਟ ਹੈ। ਸਹਿਣਸ਼ੀਲਤਾ ਦੀ ਉਪਜ ਨਿਮਰਤਾ ਰੂਪੀ ਜਰਖੇਜ਼ ਭੂਮੀ ਵਿੱਚੋਂ ਹੁੰਦੀ ਹੈ। ਤਲਾਕ ਵਰਗੀ ਨੌਬਤ ਵੀ ਕਿਸੇ ਹੱਦ ਤੱਕ ਨਿਮਰਤਾ ਦੀ ਅਣਹੋਂਦ ਕਾਰਨ ਆਉਂਦੀ ਹੈ। ਜਿਵੇਂ ਇਕ ਹੱਥ ਨਾਲ ਤਾੜੀ ਨਹੀਂ ਵੱਜਦੀ, ਉਸੇ ਤਰ੍ਹਾਂ ਜੇ ਇਕ ਧਿਰ ਨਿਮਰਤਾ ਧਾਰਨ ਕਰ ਲਵੇ ਤਾਂ ਵੱਡੇ ਕਲੇਸ਼ ਤੇ ਅਹਿੰਸਾ ਨੂੰ ਟਾਲਿਆ ਜਾ ਸਕਦਾ ਹੈ।
ਕਈ ਮਨੁੱਖ ਦੂਜਿਆਂ ਪ੍ਰਤੀ ਜ਼ਿਆਦਤੀ ਤੇ ਤਾਨਾਸ਼ਾਹੀ ਵਾਲਾ ਵਤੀਰਾ ਅਪਣਾਉਂਦੇ ਹਨ। ਉਨ੍ਹਾਂ ਵਿੱਚ ਕਾਮ ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਬੁਰਾਈਆਂ ਦਾ ਵਾਸਾ ਸਿਰ ਚੜ੍ਹ ਕੇ ਬੋਲਦਾ ਹੈ। ਦੂਜੇ ਪਾਸੇ ਨਿਮਰ ਮਨੁੱਖ ਅਜਿਹੇ ਬਘਿਆੜਾਂ ਦੀ ਵਧੀਕੀ ਨੂੰ ਖਿੜੇ ਮੱਥੇ ਭਾਣਾ ਮੰਨ ਕੇ ਸਵੀਕਾਰ ਕਰਦਾ ਹੈ। ਅਜਿਹੇ ਅਡੋਲ, ਬੇਬਾਕ ਤੇ ਸਬਰ ਸੰਤੋਖ ਭਰੇ ਗੁਣਾਂ ਦਾ ਜ਼ਖੀਰਾ ਹੀ ਸਮੁੱਚੇ ਸਮਾਜਿਕ ਦਾਇਰੇ ਨੂੰ ਸਦੀਵੀ ਆਨੰਦ ਦੇ ਗੱਫੇ ਵੰਡਦਾ ਹੈ। ਨਿਮਰਤਾ ਦਾ ਸਬੰਧ ਸਾਡੀ ਬੋਲਚਾਲ ਨਾਲ ਨਹੀਂ, ਲਿਖਤੀ ਕਿਰਿਆਵਾਂ ਨਾਲ ਵੀ ਹੈ। ਕਈ ਵਾਰ ਕੰਮਕਾਜੀ ਪੱਤਰ ਵਿਹਾਰ ਇੰਨੀ ਸਖਤ ਤੇ ਰੁੱਖੀ ਸ਼ਬਦਾਵਲੀ ਨਾਲ ਲਿਖੇ ਜਾਂਦੇ ਹਨ ਕਿ ਰੁਜ਼ਗਾਰ ਕਰਤਾ ਅਫਸਰਸ਼ਾਹੀ ਵਿਰੁੱਧ ਬਗਾਵਤੀ ਸੁਰ ਅਪਣਾ ਲੈਂਦੇ ਹਨ। ਲਿਖਤੀ ਤੇ ਜ਼ੁਬਾਨੀ ਦੋਵਾਂ ਰੂਪਾਂ ਵਿੱਚ ਨਿਮਰਤਾ ਦੀ ਮਹੱਤਤਾ ਹੁੰਦੀ ਹੈ। ਨਿਮਰਤਾ ਦਾ ਗੁਣ ਜਨਮ-ਜਾਤ ਵੰਸ਼ ਤੋਂ ਆ ਸਕਦਾ ਹੈ। ਧਾਰਮਿਕ ਸਾਹਿਤ ਪੜ੍ਹਨ, ਸੁੱਘੜ ਮਨੁੱਖਾਂ ਦੀ ਸੰਗਤ ਮਾਣਨ ਤੇ ਚੰਗੀਆਂ ਪੁਸਤਕਾਂ ਪੜ੍ਹਨ ਵਾਲੇ ਨਿਮਰਤਾ ਗ੍ਰਹਿਣ ਕਰਦੇ ਹਨ। ਨਿਮਰਤਾ ਅਜਿਹਾ ਕਸ਼ੀਦ ਕੀਤਾ ਨੁਸਖਾ ਹੈ ਜਿਸ ਨੂੰ ਅਪਣਾ ਕੇ ਜਗਤ ਨੂੰ ਜੰਨਤ ਬਣਾਇਆ ਜਾ ਸਕਦਾ ਹੈ। ਆਓ ਨਿਮਰਤਾ ਧਾਰਨ ਕਰਕੇ ਪਿਆਰ ਦੇ ਗੁਲਦਸਤੇ ਵੰਡੀਏ ਤੇ ਕਾਇਨਾਤ ਦੇ ਸਰਬ ਸ਼੍ਰੇਸ਼ਠ ਪ੍ਰਾਣੀ ਕਹਾਉਣ ਦੇ ਹੱਕਦਾਰ ਹੋ ਸਕੀਏ।