ਪਹਿਲਾ ਬਾਸਕਟਬਾਲ ਟੂਰਨਾਮੈਂਟ ਕਰਵਾਇਆ

DSC_0578ਹਰ ਐਤਵਾਰ, ਐੱਮਪੀ ਰਾਜ ਗਰੇਵਾਲ ਬਰੈਂਪਟਨ ਈਸਟ ਦੇ ਨੌਜੁਆਨਾਂ ਨੂੰ ਬਾਸਕਟਬਾਲ ਖੇਡਣ ਦਾ ਖੁੱਲ੍ਹਾ ਸੱਦਾ ਦਿੰਦਾ ਹੈ ਅਤੇ ਖੇਡਣ ਦਾ ਪ੍ਰਬੰਧ ਵੀ ਕਰਦਾ ਹੈ। ਇਨ੍ਹਾਂ ਅਵਸਰਾਂ ਉੱਤੇ ਦਰਜਨਾਂ ਨੌਜੁਆਨ ਪਹੁੰਚਦੇ ਹਨ। ਇਹ ਇੱਕ ਕਮਾਲ ਦਾ ਰੁਝੇਵਾਂ ਹੈ। ਜੋ ਨੌਜਵਾਨਾਂ ਨੂੰ ਚੁਸਤ-ਦਰੁਸਤ ਰੱਖਦਾ ਹੈ। ਇਸ ਨਾਲ ਜੁਆਨਾਂ ਦੇ ਮਨਾਂ ਵਿੱਚ ਟੀਮ-ਵਰਕ ਦੀ ਭਾਵਨਾ ਪੈਦਾ ਹੁੰਦੀ ਹੈ, ਪਰਸਪਰ ਸਤਿਕਾਰ ਦਾ ਗੁਣ ਪ੍ਰਾਪਤ ਹੁੰਦਾ ਹੈ ਅਤੇ ਮਿਤਰਾਨਾ ਮੁਕਾਬਲਿਆਂ ਦੀ ਰੁਚੀ ਵੀ ਰੂਹ ਵਿੱਚ ਰਚਦੀ ਹੈ।
ਬੀਤੇ ਵੀਕਐੰਡ ਉੱਤੇ, ਐਮਪੀ ਗਰੇਵਾਲ ਨੇ ਆਪਣਾ ‘ਪਹਿਲਾ ਸਾਲਾਨਾ ਬਾਸਕਟਬਾਲ ਟੂਰਨਾਮੈਂਟ ਕਰਵਾਇਆ’। ਇਸ ਚੋਟੀ ਦੀ ਟੱਕਰ ਵਾਲੇ ਟੂਰਨਾਮੈੰਟ ਵਿੱਚ 12 ਟੀਮਾਂ ਨੇ ਪੂਰੀ ਤਿਆਰੀ ਨਾਲ ਭਾਗ ਲਿਆ। ਸਮਾਪਤੀ ਉੱਤੇ ਟੀਮਾਂ ਦੇ ਨਾਲ-ਨਾਲ ਖਿਡਾਰੀਆਂ ਦੀਆਂ ਵਿਅਕਤੀਗਤ ਪ੍ਰਾਪਤੀਆਂ ਦਾ ਮਾਣ-ਸਨਮਾਨ ਕਰਦੇ ਅਤੇ ਉਨ੍ਹਾਂ ਨੂੰ ਮਾਨਤਾ ਪ੍ਰਦਾਨ ਕਰਦੇ ਹੋਏ ਟ੍ਰੌਫੀਆਂ ਦੇ ਇਨਾਮ ਦਿੱਤੇ ਗਏ। ਟੂਰਨਾਮੈਂਟ ਸਨਿੱਚਰਵਾਰ ਸਵੇਰੇ ਆਰੰਭ ਹੋਇਆ ਅਤੇ ਸਾਰਾ ਦਿਨ ਟੀਮਾਂ ਆਪਣੇ ਪੂਰੇ ਜੋਬਨ ਵਿੱਚ ਇੱਕ ਦੂਜੇ ਨਾਲ ਟੱਕਰ ਲੈਂਦੀਆਂ ਰਹੀਆਂ। ਐਤਵਾਰ ਨੂੰ ਵੀ ਟੀਮਾਂ ਨੇ ਆਪਣੀ ਸ਼ਕਤੀ ਅਤੇ ਬੁੱਧੀ ਦੇ ਜੌਹਰ ਦਿਖਾਉਂਦਿਆਂ ਖੇਡ-ਕਲਾ ਦੇ ਉੱਤਮ ਨਮੂਨੇ ਪੇਸ਼ ਕੀਤੇ। ਐਤਵਾਰ ਦੇ ਪ੍ਰੋਗਰਾਮਾਂ ਵਿੱਚ ਸਾਡੇ ਨੌਜਵਾਨਾਂ ਨੇ ‘ਥਰੀ-ਪੁਆਇਂਟ-ਕੰਪੀਟੀਸ਼ਨ’ ਰਾਹੀਂ ਆਪੋ ਆਪਣੀ ਕਲਾ ਅਤੇ ਕੁਸ਼ਲਤਾ ਦੇ ਸੁਮੇਲੀ ਹੁਨਰਾਂ ਦੀ ਭਰਪੂਰ ਪ੍ਰਦਰਸ਼ਣੀ ਕੀਤੀ।
ਮਿਸਟਰ ਗਰੇਵਾਲ ਨੇ ਇਸ ਟੂਰਨਾਮੈੰਟ ਵਿੱਚ ਭਾਗ ਲੈਣ ਵਾਲਿਆਂ ਦਾ ਅਤੇ ਆਪਣੀ ਹਾਜ਼ਰੀ ਰਾਹੀਂ ਭਾਗ ਲਾਉਣ ਵਾਲਿਆਂ ਦਾ ਹਾਰਦਿਕ ਧੰਨਵਾਦ ਕੀਤਾ। ਵਿਸ਼ੇਸ਼ ਮਹਿਮਾਨ ਸਤਿਕਾਰ ਯੋਗ ਮਨਿਸਟਰ ਨਵਦੀਪ ਬੈਂਸ ਅਤੇ ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਖਿਡਾਰੀਆਂ ਦਾ ਹਂੌਸਲਾ ਅਤੇ ਉਨ੍ਹਾਂ ਨਾਲ ਨੇੜਤਾ ਵਧਾ ਕੇ ਇਸ ਟੂਰਨਾਮੈਂਟ ਦੀ ਸ਼ੋਭਾ ਨੂੰ ਚਾਰ ਚੰਨ ਲਾਏ।
ਪਿਛਲੇ ਕਈ ਕੀਮਤੀ ਮਹੀਨਿਆਂ ਦੇ ਸੁਨਹਿਰੀ ਸਮਿਆਂ ਵਿੱਚ ਬਹੁਤ ਸਾਰੇ ਨੌਜੁਆਨ ਬਾਸਕਟਬਾਲ ਖੇਡਣ ਲਈ ਆਉਂਦੇ ਰਹੇ ਹਨ ਅਤੇ ਉਹ ਆਪਣੀ ਖੇਡ ਤੇ ਸਰੀਰਕ ਉਸਾਰੀ ਵਿੱਚ ਨਿਰੰਤਰ ਸੰਦਲੀ ਪੈੜਾਂ ਪਾਉਂਦੇ ਰਹੇ ਹਨ। ਸਹਿਯੋਗ ਅਤੇ ਸੁਹਿਰਦਤਾ ਵਿੱਚ ਮਹਿਕਦਾ ਇਹ ਚਾਰ ਚੁਫੇਰਾ ਨੌਜੁਆਨਾਂ ਲਈ ਇੱਕ ਸੁਰੱਖਿਅਤ, ਸੁਖਾਵਾਂ ਅਤੇ ਸੁਹਾਵਣਾ ਵਾਤਾਵਰਨ ਪੈਦਾ ਕਰਦਾ ਹੈ ਕਿ ਉਹ ਐੰਮਪੀ ਗਰੇਵਾਲ ਨਾਲ ਆਪਣਾ ਖੁੱਲ੍ਹਾ ਵਿਚਾਰ ਵਟਾਂਦਰਾ ਕਰ ਸਕਣ ਅਤੇ ਨਵੇਂ, ਸਥਾਈ ਮਿੱਤਰ ਬਣਾ ਸਕਣ।
ਟੂਰਨਾਮੈਂਟ ਸਬੰਧੀ ਐਕਮਪੀ ਗਰੇਵਾਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ, “ਖੇਡਾਂ ਵੱਖੋ-ਵੱਖਰੇ ਭਾਈਚਾਰਿਆਂ ਦੇ ਲੋਕਾਂ ਨੂੰ ਇੱਕ ਮੰਚ ਉੱਤੇ ਇਕੱਠਿਆਂ ਤਾਂ ਕਰਦੀਆਂ ਹੀ ਹਨ ਸਗੋਂ ਇਸ ਦੇ ਨਾਲ-ਨਾਲ ਰੂਹ ਤੀਕਰ ਇੱਕ ਮਿੱਕ ਵੀ ਕਰਦੀਆਂ ਹਨ। ਜਿੱਥੇ ਕਿਤੇ ਵੀ ਅਜੇਹੇ ਸਮਾਗਮ ਹੋ ਸਕਣ ਮਾਨਵਤਾ ਦੀ ਭਲਾਈ ਲਈ ਇਹ ਬਹੁਤ ਹੀ ਲੋੜੀਂਦੇ ਹਨ। ਮੈਂ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਖਿਡਾਰੀਆਂ ਨੇ ਆਪਣੀ ਪੂਰੀ ਸ਼ਕਤੀ ਅਤੇ ਸਮਰਥਾ ਨਾਲ ਇਸ ਟੂਰਨਾਮੈੰਟ ਵਿੱਚ ਭਾਗ ਲਿਆ, ਜੋ ਸਹਿਯੋਗੀ ਖਿਡਾਰੀਆਂ ਦੀ ਸਹਾਇਤਾ ਲਈ ਆਏ ਤੇ ਜਿਨ੍ਹਾਂ ਨੇ ਮਨ-ਤਨ ਨਾਲ ਆਪਣੇ ਫਰਜ਼ ਨਿਭਾਏ, ਵਲੰਟੀਅਰਾਂ ਦਾ ਜਿਨ੍ਹਾਂ ਨੇ ਇਸ ਸਮਾਗਮ ਦੇ ਮਿਸ਼ਨ ਨੂੰ ਸਫਲ ਬਣਾਇਆ, ਸੱਚੇ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੈਂ ਇੱਛਾ ਅਤੇ ਆਸ ਕਰਦਾ ਹਾਂ ਕਿ ਆਉਂਦੇ ਸਮਿਆਂ ਲਈ ਸਾਡੀ ਕਮਿਊਨਿਟੀ ਦਾ ਇਹ ਇੱਕ ਸਾਲਾਨਾ ਸਮਾਗਮ ਬਣ ਜਾਇਗਾ।”