‘ਪਰਿਵਾਰੇ-ਸੂਰਜ’ ਦਾ ਮਨ-ਮੋਹਕ ਦ੍ਰਿਸ਼ ਵੇਖਣ ਨੂੰ ਮਿਲਿਆ…

ਬਰੈਂਪਟਨ, (ਡਾ. ਝੰਡ) -ਬੀਤੇ ਵੀਰਵਾਰ 5 ਜਨਵਰੀ ਦੀ ਸਵੇਰ ਨੂੰ ਜੀ.ਟੀ.ਏ. ਵਿਚ ਸੂਰਜ ਚੜ੍ਹਨ ਸਮੇਂ ਆਕਾਸ਼ ਵਿਚ ਇਕ ਅਜੀਬ ਜਿਹਾ ਵਰਤਾਰਾ ਵੇਖਣ ਨੂੰ ਮਿਲਿਆ। ਸੂਰਜ ਦੇ ਆਲੇ-ਦੁਆਲੇ ਇਕ ਗੋਲ-ਚੱਕਰ ਜਿਹਾ ਬਣਿਆ ਹੋਇਆ ਸੀ ਜਿਸ ਦੇ ਆਸੇ-ਪਾਸਿਉਂ ਸੂਰਜ ਦੀ ਰੌਸ਼ਨੀ ਝਾਕਦੀ ਵਿਖਾਈ ਦਿੰਦੀ ਸੀ। ਇਹ ‘ਗੋਲ-ਚੱਕਰ’ ਆਮ ਨਾਲੋਂ ਕਾਫ਼ੀ ਘੱਟ ਰੌਸ਼ਨੀ ਵਾਲਾ ਸੀ। ਇਸ ਨੂੰ ਵੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਸ ਦਿਨ ਦਾ ਇਹ ਸੂਰਜ ਕਦੀ ਕਦੀ ਪੂਰਨਮਾਸ਼ੀ ਦੇ ਨੇੜਲੇ ਚੰਦ ਵਾਂਗ ਹੀ ‘ਪਰਿਵਾਰਿਆ’ ਗਿਆ ਹੋਵੇ ਜਦੋਂ ਚੰਦ ਦੇ ਇਰਦ-ਗਿਰਦ ਨਿੰਮ੍ਹੇਂ-ਨਿੰਮ੍ਹੇਂ ਚਾਨਣ ਦਾ ਇਕ ਗੋਲ-ਚੱਕਰ ਬਣ ਜਾਂਦਾ ਹੈ। ਪਿੰਡਾਂ ਵਿਚ ਸਿਆਣੇ ਬਜ਼ੁਰਗਾਂ ਵੱਲੋਂ ਇਸ ‘ਪਰਿਵਾਰੇ-ਚੰਦ’ ਨੂੰ ਜਲਦੀ ਹੀ ਮੀਂਹ ਪੈਣ ਦਾ ਸੂਚਕ ਮੰਨਿਆਂ ਜਾਂਦਾ ਸੀ ਅਤੇ ਇਹ ਉਨ੍ਹਾਂ ਦੀ ਇਹ ਭਵਿੱਖ-ਬਾਣੀ ਕਈ ਵਾਰ ਸੱਚ ਵੀ ਸਾਬਤ ਹੋ ਜਾਂਦੀ ਸੀ।
ਹੁਣ ਇਸ ‘ਪਰਿਵਾਰੇ-ਸੂਰਜ’ ਨੂੰ ਕਿਸ ਗੱਲ ਦਾ ਸੂਚਕ ਮੰਨਿਆਂ ਜਾਵੇ? ਕਿਧਰੇ ਇਹ ਨੇੜ-ਭਵਿੱਖ ਵਿਚ ਇੱਥੇ ਹੋਰ ਬਰਫ਼ ਪੈਣ ਜਾਂ ਕਿਸੇ ‘ਬਰਫ਼ਾਨੀ ਤੂਫ਼ਾਨ’ ਦੇ ਆਉਣ ਦਾ ਸੂਚਕ ਤਾਂ ਨਹੀਂ? ਵੈਸੇ, ਕਈ ਲੋਕ ਇਸ ਨੂੰ ਤੇਜ਼ੀ ਨਾਲ ਹੋ ਰਹੀ ‘ਗਲੋਬਲ-ਵਾਰਮਿੰਗ’ ਦੇ ਕਾਰਨ ਵਾਤਾਵਰਣ ਵਿਚ ਹੋ ਰਹੀਆਂ ਤਬਦੀਲੀਆਂ ਨਾਲ ਜੋੜ ਰਹੇ ਹਨ। ਕੋਈ ਇਸ ਨੂੰ ਅੰਗਰੇਜ਼ੀ ਦੇ ਸ਼ਬਦ ‘ਸਨ-ਡੌਗ’ (ੰੁਨ-ਧੋਗ) ਦਾ ਨਾਂ ਦੇ ਰਿਹਾ ਹੈ ਜੋ ਕਦੇ ਕਦੇ ਠੰਢੇ ਮੁਲਕਾਂ ਵਿਚ ਵਾਪਰਦਾ ਹੈ ਅਤੇ ਕੋਈ ਇਸ ਨੂੰ ‘ਰੌਸ਼ਨ ਸਵੇਰ ਦਾ ਸੁਨੇਹਾ’ ਵੀ ਦੱਸ ਰਿਹਾ ਹੈ। ਮੇਰੇ ਇਕ ਦੋਸਤ ਨੇ ਤਾਂ ਮਖ਼ੌਲ ਨਾਲ ਇਸ ਨੂੰ ਸਖ਼ਤ ਸਰਦੀ ਦੇ ਮੌਸਮ ਵਿਚ ‘ਸੂਰਜ ਦੇਵਤਾ’ ਵੱਲੋਂ ਲਈ ਗਈ ‘ਜ਼ੈੱਡ-ਪਲੱਸ ਸੁਰੱਖਿਆ’ ਨਾਂ ਵੀ ਦਿੱਤਾ ਹੈ। ਹਰੇਕ ਦਾ ਆਪੋ-ਆਪਣਾ ਵਿਚਾਰ ਹੈ। ਸਪੱਸ਼ਟ ਤੌਰ ‘ਤੇ ਇਸ ਦੇ ਬਾਰੇ ਤਾਂ ਵਾਤਾਵਰਣ ਦੇ ਮਾਹਿਰ-ਵਿਗਿਆਨੀ ਹੀ ਦੱਸ ਸਕਦੇ ਹਨ। ਅਸੀਂ ਤੁਸੀਂ ਤਾਂ ਬੱਸ ‘ਤੁੱਕੇ’ (ਅੰਦਾਜ਼ੇ) ਹੀ ਲਗਾ ਸਕਦੇ ਹਾਂ। (‘ਪਰਿਵਾਰੇ-ਸੂਰਜ’ ਦੀ ਇਹ ਖ਼ੂਬਸੂਰਤ ਤਸਵੀਰ ਕੁਲਦੀਪ ਕੌਰ ਚਾਹਲ ਨੇ ਭੇਜੀ ਹੈ ਜੋ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ)।