‘ਪਰਮਵੀਰ’ ਵਿਕਰਮ ਬੱਤਰਾ ਦਾ ਕਿਰਦਾਰ ਨਿਭਾਏਗਾ ਸਿਧਾਰਥ

sidarath malhotra
ਸਿਧਾਰਥ ਮਲਹੋਤਰਾ ਦੀ ‘ਅ ਜੈਂਟਲਮੈਨ’ ਬਾਕਸ ਆਫਿਸ ‘ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਉਸ ਦੀ ਅਗਲੀ ਫਿਲਮ ‘ਇਤਫਾਕ’ ਅਤੇ ‘ਅੱਯਾਰੀ’ ਅਜੇ ਕਤਾਰ ਵਿੱਚ ਹਨ। ਚਰਚਾ ਹੈ ਕਿ ਸਿਧਾਰਥ ਨੇ ਇੱਕ ਬਾਇਓਪਿਕ ਸਾਈਨ ਕੀਤੀ ਹੈ, ਜਿਸ ਵਿੱਚ ਉਹ ਕਾਰਗਿਲ ਵਿੱਚ ਸ਼ਹੀਦ ਹੋਏ ਕੈਪਟਨ ਵਿਕਰਮ ਬੱਤਰਾ ਦਾ ਕਿਰਦਾਰ ਨਿਭਾਉਂਦੈ ਹੋਏ ਨਜ਼ਰ ਆਉਣਗੇ। ਸੂਤਰਾਂ ਦੀ ਮੰਨੀਏ ਤਾਂ ਬਾਇਓਪਿਕ ਦੇ ਲਈ ਸਿਧਾਰਥ ਦੀ ਮੇਕਰਸ ਨਾਲ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਸੀ। ਉਸ ਨੂੰ ਇਸ ਦੀ ਸਕ੍ਰਿਪਟ ਬਹੁਤ ਪਸੰਦ ਆਈ ਹੈ। ਸਿਧਾਰਥ ਨੇ ਕਿਹਾ ਕਿ ਵਿਕਰਮ ਦੀ ਬਹਾਦਰੀ ਦੀ ਕਹਾਣੀ ਨੂੰ ਲੋਕਾਂ ਤੱਕ ਜ਼ਰੂਰਰ ਪਹੁੰਚਾਉਣਾ ਚਾਹੀਦਾ ਹੈ।
ਰਿਪੋਰਟ ਮੁਤਾਬਕ ਉਨ੍ਹਾਂ ਨੇ ਵਿਕਰਮ ਦੇ ਬਾਰੇ ਕਈ ਤਰ੍ਹਾਂ ਦੀ ਜਾਣਕਾਰੀ ਰਿਸਰਚ ਦੇ ਜ਼ਰੀਏ ਇਕੱਠੀ ਕੀਤੀ ਹੈ ਅਤੇ ਹੁਣ ਉਹ ਇਸ ਦੀ ਸ਼ੂਟਿੰਗ ਕਰਨ ਲਈ ਉਤਸ਼ਾਹਤ ਹਨ। ਗੌਰਤਲਬ ਹੈ ਕਿ ਸਿਧਾਰਥ ਮਲਹੋਤਰਾ ‘ਅੱਯਾਰੀ’ ਵਿੱਚ ਵੀ ਇੱਕ ਆਰਮੀ ਅਫਸਰ ਦੀ ਭੂਮਿਕਾ ਨਿਭਾ ਰਹੇ ਹਨ।
ਵਿਕਰਮ ਬੱਤਰਾ ਨੂੰ ਉਨ੍ਹਾਂ ਦੀ ਵੀਰਤਾ ਲਈ ਪਰਮਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਉਹ 1999 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਾਰਗਿਲ ਯੁੱਧ ਦੌਰਾਨ ਸ਼ਹੀਦ ਹੋਏ ਸਨ। ਪਾਕਿਸਤਾਨ ਦੀ ਆਰਮੀ ਉਨ੍ਹਾਂ ਤੋਂ ਬਹੁਤ ਡਰਦੀ ਸੀ, ਇਸ ਲਈ ਉਹ ਉਨ੍ਹਾਂ ਨੂੰ ਸ਼ੇਰ ਸ਼ਾਹ (ਲਾਇਨ ਕਿੰਗ) ਦੇ ਨਾਂਅ ਨਾਲ ਬੁਲਾਉਂਦੀ ਸੀ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਆਖਰੀ ਮਿਸ਼ਨ ਇੱਕ ਜ਼ਖਮੀ ਅਫਸਰ ਨੂੰ ਬਚਾਉਣਾ ਸੀ ਅਤੇ ਉਹ ਉਸ ਮਿਸ਼ਨ ਨੂੰ ਕਮਾਂਡ ਕਰ ਰਹੇ ਸਨ। ਦੱਸਣਾ ਬਣਦਾ ਹੈ ਕਿ ਕੈਪਟਨ ਵਿਕਰਮ ਦੇ ਇੱਕ ਜੁੜਵਾ ਭਰਾ ਵੀ ਹਨ, ਜਿਨ੍ਹਾਂ ਦਾ ਨਾਂਅ ਵਿਸ਼ਾਲ ਹੈ। ਦੱਸਿਆ ਜਾ ਰਿਹਾ ਹੈ ਕਿ ਬਾਇਓਪਿਕ ਵਿੱਚ ਸਿਧਾਰਥ ਇੱਕ ਵਾਰ ਫਿਰ ਡਬਲ ਰੋਲ ਵਿੱਚ ਦਿਸ ਸਕਦੇ ਹਨ। ਗੌਰਤਲਬ ਹੈ ਕਿ ਸਿਧਾਰਥ ਨੇ ‘ਅ ਜੈਂਟਲਮੈਨ’ ਵਿੱਚ ਵੀ ਡਬਲ ਰੋਲ ਨਿਭਾਇਆ ਸੀ।