ਪਯੌਂਗਚੈਂਗ ਓਲੰਪਿਕਸ ਖੇਡਾਂ: ਕੈਨੇਡਾ ਨੇ ਫਿਗਰ ਸਕੇਟਿੰਗ ਵਿੱਚ ਜਿੱਤਿਆ ਸੋਨ ਤਮਗਾ

ਗੈਂਗਨਿਊਂਗ, ਕੋਰੀਆ, 12 ਫਰਵਰੀ (ਪੋਸਟ ਬਿਊਰੋ) : ਪਿਓਂਗਚੈਂਗ ਓਲੰਪਿਕਸ ਵਿੱਚ ਕੈਨੇਡਾ ਨੇ ਆਪਣਾ ਪਹਿਲਾ ਸੋਨ ਤਮਗਾ ਜਿੱਤ ਲਿਆ।
ਸੋਮਵਾਰ ਨੂੰ ਮਹਿਲਾਵਾਂ ਦੇ ਫਰੀ ਸਕੇਟ ਮੁਕਾਬਲੇ ਵਿੱਚ ਤੀਜੇ ਸਥਾਨ ਉੱਤੇ ਰਹਿਣ ਵਾਲੀ ਨਿਊਮਾਰਕਿਟ, ਓਨਟਾਰੀਓ ਦੀ ਗੈਬਰੀਏਲ ਡੇਲਮੈਨ ਨੇ ਟੀਮ ਫਿਗਰ ਸਕੇਟਿੰਗ ਮੁਕਾਬਲੇ ਵਿੱਚ ਸਰਬਉੱਚ ਸਥਾਨ ਹਾਸਲ ਕੀਤਾ। ਇਸ ਮਗਰੋਂ ਉਸ ਦੇ ਟੀਮ ਮੈਂਬਰਾਂ ਟੈਸਾ ਵਰਚੂ ਤੇ ਸਕੌਟ ਮੌਇਰ ਨੇ ਆਈਸ ਡਾਂਸ ਸੈੱਗਮੈਂਟ ਜਿੱਤ ਕੇ ਕੈਨੇਡਾ ਦੀ ਚੜ੍ਹਤ ਬਰਕਰਾਰ ਰੱਖੀ।
ਡੇਲਮੈਨ ਦੀ 137.14 ਅੰਕਾਂ ਦੀ ਕਾਰਗੁਜ਼ਾਰੀ ਕਾਰਨ ਕੈਨੇਡਾ ਦੇ ਇਨ੍ਹਾਂ ਖੇਡਾਂ ਵਿੱਚ ਸਾਂਝੇ ਅੰਕ 63 ਤੱਕ ਪਹੁੰਚ ਗਏ ਹਨ। ਡੇਲਮੈਨ ਦੀ ਕਾਰਗੁਜ਼ਾਰੀ ਐਨੀ ਕਮਾਲ ਦੀ ਸੀ ਕਿ ਰੂਸ ਤੇ ਅਮਰੀਕਾ ਦੇ ਖਿਡਾਰੀ ਉਸ ਦੀ ਤਾਂ ਕਿ ਵਰਚੂ ਤੇ ਮੌਇਰ ਦੀ ਵੀ ਬਰਾਬਰੀ ਨਹੀਂ ਕਰ ਸਕੇ। ਡੇਲਮੈਨ ਨੇ ਆਖਿਆ ਕਿ ਯਕੀਨਨ ਉਹ ਘਬਰਾਈ ਹੋਈ ਸੀ ਪਰ ਉਹ ਆਪਣੀ ਟੀਮ ਦੀ ਪਿੱਠ ਨਹੀਂ ਸੀ ਲੱਗਣ ਦੇ ਸਕਦੀ। ਉਸ ਨੇ ਆਖਿਆ ਕਿ ਉਸ ਨੇ ਪੂਰੇ ਮਨ ਨਾਲ ਮੁਕਾਬਲਾ ਕੀਤਾ ਤੇ ਨਤੀਜਾ ਸਭ ਦੇ ਸਾਹਮਣੇ ਹੈ। ਉਸ ਨੇ ਆਖਿਆ ਕਿ ਉਸ ਦੀ ਟੀਮ ਬਹੁਤ ਹੀ ਵਧੀਆ ਹੈ। ਉਸ ਨੇ ਅੱਗੇ ਆਖਿਆ ਕਿ ਅਸੀਂ ਇੱਕਲਿਆਂ ਵੀ ਚੰਗੇ ਹਾਂ ਤੇ ਟੀਮ ਵਜੋਂ ਅਸੀਂ ਹੋਰ ਵੀ ਮਜ਼ਬੂਤ ਹਾਂ ਤੇ ਦੇਸ਼ ਵਜੋਂ ਸਾਡਾ ਕੋਈ ਸਾਨੀ ਨਹੀਂ। ਉਸ ਨੇ ਆਖਿਆ ਕਿ ਉਸ ਨੇ ਜੋ ਕੁੱਝ ਵੀ ਕੀਤਾ ਉਸ ਦੀ ਉਸ ਨੂੰ ਪੂਰੀ ਖੁਸ਼ੀ ਹੈ। ਅਸੀਂ ਯਕੀਨਨ ਕੈਨੇਡਾ ਨੂੰ ਇਸ ਹਫਤੇ ਮਾਣ ਕਰਾਇਆ ਹੈ।
ਵਰਚੂ ਤੇ ਮੌਇਰ ਨੇ ਕੈਨੇਡਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਫਰੀ ਡਾਂਸ ਸਕੇਟਿੰਗ ਮੁਕਾਬਲੇ ਵਿੱਚ ਉਨ੍ਹਾਂ 118.10 ਅੰਕ ਜਿੱਤੇ। ਇਸ ਨਾਲ ਕੈਨੇਡਾ ਦਾ ਕੁੱਲ ਸਕੋਰ 73 ਤੱਕ ਪਹੁੰਚ ਗਿਆ। ਹੁਣ ਕੈਨੇਡਾ ਰੂਸ ਦੇ 66 ਅੰਕਾਂ ਤੇ ਅਮਰੀਕਾ ਦੇ 62 ਅੰਕਾਂ ਤੋਂ ਅੱਗੇ ਹੈ। ਕੈਨੇਡੀਅਨਾਂ ਨੇ 2014 ਵਿੱਚ ਸੋਚੀ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ ਤੇ ਉਦੋਂ ਤੋਂ ਹੀ ਖਿਡਾਰੀਆਂ ਦੀ ਨਜ਼ਰ ਸੋਨ ਤਮਗੇ ਉੱਤੇ ਗੱਡੀ ਹੋਈ ਹੈ। ਚਾਰ ਸਾਲ ਬਾਅਦ ਕੈਨੇਡਾ ਦੀ ਟੀਮ ਦੱਖਣੀ ਕੋਰੀਆ ਵਿੱਚ ਦੁਨੀਆ ਦੀ ਨੰਬਰ ਵੰਨ ਟੀਮ ਵਜੋਂ ਦੱਖਣੀ ਕੋਰੀਆ ਪਹੁੰਚੀ ਹੈ। ਕੈਨੇਡਾ ਹੀ ਅਜਿਹਾ ਦੇਸ਼ ਹੈ ਜਿਹੜਾ ਚਾਰਾਂ ਵਿਸਿ਼ਆਂ ਵਿੱਚ ਹਿੱਸਾ ਲੈ ਰਿਹਾ ਹੈ। ਵਰਚੂ, ਮੌਇਰ, ਪੈਟਰਿਕ ਚੈਨ ਤੇ ਸਕੇਟਰਜ਼ ਦਾ ਜੋੜਾ ਮੀਗਨ ਦੁਹਾਮਲ ਤੇ ਐਰਿਕ ਰੈਡਫੋਰਡ ਸਾਰੇ ਹੀ ਆਪਣੀ ਫਾਈਨਲ ਓਲੰਪਿਕਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ ਤੇ ਉਨ੍ਹਾਂ ਸਾਰਿਆਂ ਦੀਆਂ ਨਜ਼ਰਾਂ ਸੋਨ ਤਮਗੇ ਉੱਤੇ ਹੀ ਹਨ।