ਪਨਾਹ ਹਾਸਲ ਕਰਨ ਵਾਲਿਆਂ ਲਈ ਫੋਰਡ ਵੱਲੋਂ ਵਰਤੀ ਗਈ ਸ਼ਬਦਾਵਲੀ ਤੋਂ ਫੈਡਰਲ ਇਮੀਗ੍ਰੇਸ਼ਨ ਮੰਤਰੀ ਨੂੰ ਇਤਰਾਜ਼

ਹੈਲੀਫੈਕਸ, 10 ਜੁਲਾਈ (ਪੋਸਟ ਬਿਊਰੋ) : ਫੈਡਰਲ ਇਮੀਗ੍ਰੇ਼ਸ਼ਨ ਮੰਤਰੀ ਵੱਲੋਂ ਸੋਮਵਾਰ ਨੂੰ ਓਨਟਾਰੀਓ ਦੀ ਟੋਰੀ ਸਰਕਾਰ ਦੇ ਉਸ ਬਿਆਨ ਉੱਤੇ ਇਤਰਾਜ਼ ਪ੍ਰਗਟਾਇਆ ਜਿਸ ਵਿੱਚ ਉਨ੍ਹਾਂ ਰਫਿਊਜੀ ਸਟੇਟਸ ਦਾ ਦਾਅਵਾ ਕਰਨ ਵਾਲਿਆਂ ਨੂੰ ਗੈਰਕਾਨੂੰਨੀ ਬਾਰਡਰ ਕਰੌਸਰਜ਼ ਆਖਿਆ ਸੀ।
ਪਿਛਲੇ ਹਫਤੇ ਪ੍ਰੀਮੀਅਰ ਡੱਗ ਫੋਰਡ ਦੇ ਬੁਲਾਰੇ ਨੇ ਮੀਡੀਆ ਨੂੰ ਭੇਜੇ ਬਿਆਨ ਵਿੱਚ ਆਖਿਆ ਸੀ ਕਿ ਪਿੱਛੇ ਜਿਹੇ ਪਨਾਹ ਹਾਸਲ ਕਰਨ ਵਾਲਿਆਂ ਦੇ ਆਏ ਹੜ੍ਹ ਕਾਰਨ ਟੋਰਾਂਟੋ ਵਿੱਚ ਘਰਾਂ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਤੋਂ ਇਲਾਵਾ ਓਨਟਾਰੀਓ ਦੇ ਪਰਿਵਾਰਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਨੂੰ ਵੀ ਖਤਰਾ ਖੜ੍ਹਾ ਹੋ ਗਿਆ ਹੈ। ਫੈਡਰਲ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਸੋਮਵਾਰ ਨੂੰ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਫੋਰਡ ਦੀ ਸ਼ਬਦਾਵਲੀ ਸਹੀ ਨਹੀਂ ਹੈ।
ਉਨ੍ਹਾਂ ਹੈਲੀਫੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪ੍ਰੀਮੀਅਰ ਫੋਰਡ ਦੇ ਇਸ ਬਿਆਨ ਨੂੰ ਲੈ ਕੇ ਉਹ ਕਾਫੀ ਚਿੰਤਤ ਹਨ। ਹੁਸੈਨ ਨੇ ਆਖਿਆ ਕਿ ਫੋਰਡ ਤੇ ਮੈਕਲਿਓਡ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ ਜਿਹੜੀ ਸਮਝ ਤੋਂ ਪਾਰ ਹੈ। ਪਨਾਹ ਹਾਸਲ ਕਰਨ ਵਾਲਿਆਂ ਲਈ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਇਹ ਉਹ ਲੋਕ ਹਨ ਜਿਨ੍ਹਾਂ ਦੀ ਕਾਨੂੰਨੀ ਤੌਰ ਉੱਤੇ ਸੁਣਵਾਈ ਕੀਤੀ ਜਾਣੀ ਜ਼ਰੂਰੀ ਹੈ। ਅਸੀਂ ਕੈਨੇਡੀਅਨ ਤੇ ਕੌਮਾਂਤਰੀ ਕਾਨੂੰਨ ਅਪਲਾਈ ਕਰ ਰਹੇ ਹਾਂ। ਅਸੀਂ ਇਹ ਵੀ ਮੰਨਦੇ ਹਾਂ ਕਿ ਅਜਿਹੇ ਮੁੱਦਿਆਂ ਉੱਤੇ ਸਰਕਾਰ ਦੇ ਸਾਰੇ ਪੱਧਰਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ।
ਜਨਵਰੀ ਦੇ ਸੁ਼ਰੂ ਵਿੱਚ ਤੇ ਮਈ 2018 ਦੇ ਅੰਤ ਵਿੱਚ ਕੈਨੇਡਾ ਬੌਰਡਰ ਸਰਵਿਸਿਜ਼ ਏਜੰਸੀ ਤੇ ਇਮੀਗ੍ਰੇਸ਼ਨ ਐਂਡ ਰਫਿਊਜੀਜ਼ ਐਂਡ ਸਿਟਿਜ਼ਨਸਿ਼ਪ ਕੈਨੇਡਾ ਨੇ 20,000 ਪਨਾਹ ਹਾਸਲ ਕਰਨ ਵਾਲਿਆਂ ਦੀਆਂ ਅਰਜ਼ੀਆਂ ਉੱਤੇ ਵਿਚਾਰ ਕੀਤਾ ਗਿਆ। ਹੁਸੈਨ ਨੇ ਆਖਿਆ ਕਿ ਇੱਕ ਪਾਸੇ ਤਾਂ ਪ੍ਰੋਵਿੰਸ ਸਹਿਯੋਗ ਕਰਨ ਤੋਂ ਕੋਰਾ ਜਵਾਬ ਦੇ ਰਿਹਾ ਤੇ ਦੂਜੇ ਪਾਸੇ ਹੋਰ ਮਾਲੀ ਮਦਦ ਕਰਨ ਦੀ ਦੁਹਾਈ ਦੇ ਰਿਹਾ ਹੈ। ਉਨ੍ਹਾਂ ਆਖਿਆ ਕਿ ਓਟਵਾ ਨੇ ਪਨਾਹ ਹਾਸਲ ਕਰਨ ਵਾਲਿਆਂ ਨੂੰ ਸਹਿਯੋਗ ਦੇਣ ਲਈ 50 ਮਿਲੀਅਨ ਡਾਲਰ ਦਿੱਤੇ ਸਨ ਜਿਨ੍ਹਾਂ ਵਿੱਚੋਂ 11 ਮਿਲੀਅਨ ਡਾਲਰ ਓਨਟਾਰੀਓ ਨੂੰ ਅਲਾਟ ਕੀਤੇ ਗਏ ਸਨ।