ਪਨਾਹ ਹਾਸਲ ਕਰਨ ਵਾਲਿਆਂ ਦੇ ਸੰਕਟ ਨੂੰ ਹੱਲ ਕਰਨ ਦੀ ਜਿ਼ੰਮੇਵਾਰੀ ਟਰੂਡੋ ਹੀ ਸਾਂਭਣ : ਰੈਂਪਲ


ਕੈਲਗਰੀ, 5 ਜੁਲਾਈ (ਪੋਸਟ ਬਿਊਰੋ) : ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਸਬੰਧੀ ਸ਼ੈਡੋ ਮੰਤਰੀ ਮਿਸੇ਼ਲ ਰੈਂਪਲ ਵੱਲੋਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਉਸ ਐਲਾਨ ਦੇ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਦੇ ਹੜ੍ਹ ਨੂੰ ਸਾਂਭਣ ਵਿੱਚ ਅਸਫਲ ਰਹਿਣ ਵਾਲੀ ਫੈਡਰਲ ਸਰਕਾਰ ਦੀ ਜਿ਼ੰਮੇਵਾਰੀ ਹੁਣ ਪ੍ਰੋਵਿੰਸ ਨਹੀਂ ਚੁੱਕੇਗੀ।
ਫੋਰਡ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਸੀ ਕਿ ਕੈਨੇਡੀਅਨ ਸਰਹੱਦਾਂ ਨੂੰ ਸੁਰੱਖਿਅਤ ਤੇ ਜਿ਼ੰਮੇਵਰਾਨਾ ਢੰਗ ਨਾਲ ਮੈਨੇਜ ਕਰਨ ਵਿੱਚ ਅਸਫਲ ਰਹਿਣ ਵਾਲੇ ਜਸਟਿਨ ਟਰੂਡੋ ਦੇ ਇਸ ਖਮਿਆਜੇ ਦੀ ਭਰਪਾਈ ਟੈਕਸਦਾਤਾਵਾਂ ਨੂੰ ਨਹੀਂ ਕਰਨੀ ਚਾਹੀਦੀ। ਫੋਰਡ ਨੇ ਅੱਗੇ ਆਖਿਆ ਸੀ ਕਿ ਟਰੂਡੋ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਆਖੀ ਗੱਲ ਦੇ ਅਸਲ ਜਿੰ਼ਦਗੀ ਵਿੱਚ ਨਤੀਜੇ ਵੀ ਨਿਕਲਦੇ ਹਨ। ਕੈਨੇਡਾ ਵਿੱਚ ਤੁਹਾਡਾ ਸਵਾਗਤ ਹੈ, ਵਰਗੇ ਟਵੀਟ ਨਾਲ ਗੈਰਕਾਨੂੰਨੀ ਢੰਗ ਨਾਲ ਪਨਾਹ ਹਾਸਲ ਕਰਨ ਵਾਲਿਆਂ ਦਾ ਜਿਹੜਾ ਹੜ੍ਹ ਆਇਆ ਹੈ ਉਸ ਨੇ ਕੈਨੇਡਾ ਦੀ ਲੋਕਾਂ ਨੂੰ ਅਕਮੋਡੇਟ ਕਰਨ ਦੀ ਸਮਰੱਥਾ ਨਾਲ ਖਿਲਵਾੜ ਹੀ ਕੀਤਾ ਹੈ।
ਅਸੀਂ ਦੇਸ਼ ਵਿੱਚ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਲਈ ਸਮੇਂ ਸਮੇਂ ਉੱਤੇ ਕੇਅਰ ਦੇਣ ਵਿੱਚ ਮਾਣ ਮਹਿਸੂਸ ਕਰਦੇ ਹਾਂ। ਪਰ ਇਨ੍ਹਾਂ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਦੀਆਂ ਬਹੁਤੀਆਂ ਅਰਜ਼ੀਆਂ ਜਦੋਂ ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਵੱਲੋਂ ਹੌਲੀ ਹੌਲੀ ਰੱਦ ਹੀ ਕਰ ਦਿੱਤੀਆਂ ਜਾਣੀਆਂ ਹਨ ਤਾਂ ਇਨ੍ਹਾਂ ਨੂੰ ਝੂਠੀ ਆਸ ਬੰਨ੍ਹਾਉਣ ਦਾ ਕੀ ਫਾਇਦਾ। ਸ਼ੁਰੂ ਤੋਂ ਹੀ ਟਰੂਡੋ ਨੇ ਆਪਣੇ ਕੁਪ੍ਰਬੰਧ ਦੀ ਜਿ਼ੰਮੇਵਾਰੀ ਪ੍ਰੋਵਿੰਸਾਂ ਤੇ ਮਿਉਂਸਪੈਲਿਟੀਜ਼ ਸਿਰ ਮੜ੍ਹਨੀ ਜਾਰੀ ਰੱਖੀ ਹੈ। ਫਿਰ ਜਦੋਂ ਸੇਫ ਥਰਡ ਕੰਟਰੀ ਅਗਰੀਮੈਂਟ ਸਾਡੀ ਸਰਹੱਦ ਉੱਤੇ ਲਾਗੂ ਹੁੰਦਾ ਹੈ ਤਾਂ ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਵਾਉਣ ਦੇਣ ਦਾ ਕੀ ਮਤਲਬ ਬਣਦਾ ਹੈ।
ਫੋਰਡ ਨੇ ਇਹ ਵੀ ਆਖਿਆ ਕਿ ਜਿਹੜਾ ਗਾਹ ਟਰੂਡੋ ਤੇ ਉਸ ਦੇ ਸਾਥੀਆਂ ਨੇ ਪਾਇਆ ਹੈ ਉਸ ਨੂੰ ਸਹੀ ਕਰਨ ਦੀ ਜਿੰ਼ਮੇਵਾਰੀ ਵੀ ਉਨ੍ਹਾਂ ਦੀ ਹੀ ਹੈ। ਪ੍ਰੀਮੀਅਰ ਫੋਰਡ ਤੇ ਮੰਤਰੀ ਮੈਕਲਿਓਡ ਨੇ ਇਹ ਸਪਸ਼ਟ ਕੀਤਾ ਕਿ ਓਨਟਾਰੀਓ ਵਾਸੀ ਫੈਡਰਲ ਸਰਕਾਰ ਦੀਆਂ ਅਜਿਹੀਆਂ ਅਸਫਲਤਾਵਾਂ ਦਾ ਖਮਿਆਜਾ ਅਗਾਂਹ ਤੋਂ ਨਹੀਂ ਭੁਗਤਣਗੇ।