ਪਨਾਹ ਹਾਸਲ ਕਰਨ ਦੇ ਚਾਹਵਾਨਾਂ ਲਈ ਮਾਂਟਰੀਅਲ ਨੇ ਇੱਕ ਸ਼ੈਲਟਰ ਹੋਰ ਖੋਲ੍ਹਿਆ

2

ਮਾਂਟਰੀਅਲ, 8 ਅਗਸਤ (ਪੋਸਟ ਬਿਊਰੋ) : ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਂਟਰੀਅਲ ਵਿੱਚ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਲਈ ਇੱਕ ਹੋਰ ਆਰਜ਼ੀ ਸੈ਼ਲਟਰ ਖੋਲ੍ਹਿਆ ਗਿਆ ਹੈ। ਕਦੇ ਕਾਨਵੈਂਟ ਦੀ ਇਮਾਰਤ ਰਹੀ ਇਸ ਬਿਲਡਿੰਗ ਨੂੰ ਹੁਣ ਸ਼ੈਲਟਰ ਵਜੋਂ ਵਰਤਿਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡਾ ਦੀ ਸਰਹੱਦ ਪਾਰ ਕਰਨ ਵਾਲੇ ਮਾਈਗ੍ਰੈਂਟਸ ਲਈ ਇਸ ਤਰ੍ਹਾਂ ਦੀਆਂ ਹੋਰ ਥਾਵਾਂ ਖੋਲ੍ਹਣ ਦੀ ਮੰਗ ਕੀਤੀ ਗਈ ਹੈ।
ਮੇਅਰ ਡੈਨਿਸ ਕੋਡੇਰੇ ਨੇ ਆਖਿਆ ਕਿ ਇਸ ਸ਼ੈਲਟਰ ਨੂੰ ਐਤਵਾਰ ਸ਼ਾਮ ਨੂੰ ਖੋਲ੍ਹਿਆ ਗਿਆ ਹੈ ਤੇ ਇਸ ਵਿੱਚ 300 ਲੋਕ ਰਹਿ ਸਕਦੇ ਹਨ। ਇਹ ਪੂਰੀ ਤਰ੍ਹਾਂ ਰਹਿਣਯੋਗ ਇਮਾਰਤ ਹੈ ਤੇ ਇੱਥੇ ਹਰ ਤਰ੍ਹਾਂ ਦਾ ਸਾਜ਼ੋ ਸਮਾਨ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਕੈਨੇਡੀਅਨ ਸਰਹੱਦ ਉੱਤੇ 250 ਤੋਂ 300 ਲੋਕ ਪਹੁੰਚ ਰਹੇ ਹਨ ਜਦਕਿ ਜੁਲਾਈ ਦੇ ਪਹਿਲੇ ਅੱਧ ਵਿੱਚ 50 ਲੋਕ ਹੀ ਰੋਜ਼ਾਨਾ ਪਹੁੰਚ ਰਹੇ ਸਨ।
ਪਨਾਹ ਹਾਸਲ ਕਰਨ ਦੇ ਸੈਂਕੜੇ ਚਾਹਵਾਨਾਂ ਨੂੰ ਹਾਲਾਂਕਿ ਪਹਿਲਾਂ ਹੀ ਮਾਂਟਰੀਅਲ ਦੇ ਓਲੰਪਿਕ ਸਟੇਡੀਅਮ ਵਿੱਚ ਠਹਿਰਾਇਆ ਜਾ ਚੁੱਕਿਆ ਹੈ ਪਰ ਸਿਟੀ ਕਾਉਂਸਲਰ ਹੈਰੂਟ ਚਿਟੀਲੀਅਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਹਿਰ ਨੂੰ ਅਜੇ ਹੋਰ ਕਾਫੀ ਕੁੱਝ ਕਰਨ ਲਈ ਆਖਿਆ ਜਾ ਰਿਹਾ ਹੈ। ਪਨਾਹ ਹਾਸਲ ਕਰਨ ਦੇ ਚਾਹਵਾਨਾਂ ਵਿੱਚ ਵੱਡੀ ਗਿਣਤੀ ਹਾਇਤੀਅਨਜ਼ ਦੀ ਹੈ।
ਉਨ੍ਹਾਂ ਆਖਿਆ ਕਿ ਇਹ ਮੰਗ ਕੀਤੀ ਗਈ ਹੈ ਕਿ ਹੋਰ ਲੋਕੇਸ਼ਨਜ਼ ਵੀ ਖੋਲ੍ਹੀਆਂ ਜਾਣ। ਸਾਨੂੰ ਅਜੇ ਇਹ ਨਹੀਂ ਪਤਾ ਕਿ ਅਗਲੀ ਥਾਂ ਕਿਹੜੀ ਹੋਵੇਗੀ, ਉਸ ਦੀ ਕਿੰਨੀ ਸਮਰੱਥਾ ਹੋਵੇਗੀ ਜਾਂ ਉਹ ਕਿੱਥੇ ਹੋਵੇਗੀ। ਦੂਜੇ ਪਾਸੇ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਉਸ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਹਾਇਤੀਅਨਜ਼ ਨੂੰ ਤਥਾ ਕਥਿਤ ਤੌਰ ਉੱਤੇ ਆਰਜ਼ੀ ਪ੍ਰੋਟੈਕਟਿਡ ਸਟੇਟਸ ਦਿੱਤਾ ਗਿਆ ਸੀ।
ਸੋਮਵਾਰ ਨੂੰ ਕਿਊਬਿਕ ਦੀ ਇਮੀਗ੍ਰੇਸ਼ਨ ਮੰਤਰੀ ਕੈਥਲੀਨ ਵੇਲ ਨੇ ਇੱਕ ਨਿਊਜ਼ ਰਲੀਜ਼ ਵਿੱਚ ਆਖਿਆ ਕਿ ਇਸ ਸਮੇਂ 2,388 ਪਨਾਹ ਹਾਸਲ ਕਰਨ ਦੇ ਚਾਹਵਾਨਾਂ ਨੂੰ ਮਾਂਟਰੀਅਲ ਵਿੱਚ ਅਸਥਾਈ ਤੌਰ ਉੱਤੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ 700 ਤੋਂ ਵੀ ਵੱਧ ਲੋਕਾਂ ਨੂੰ ਓਲੰਪਿਕ ਸਟੇਡੀਅਮ ਵਿੱਚ ਰੱਖਿਆ ਗਿਆ ਹੈ ਜਿੱਥੇ ਉਹ ਸਥਾਈ ਰਿਹਾਇਸ਼ ਦੀ ਉਡੀਕ ਕਰ ਰਹੇ ਹਨ।