ਪਨਾਮਾ ਪੇਪਰ ਲੀਕੇਜ ਦਾ ਖੁਲਾਸਾ ਕਰਨ ਵਾਲੀ ਖੋਜੀ ਪੱਤਰਕਾਰ ਮਾਰ ਦਿੱਤੀ ਗਈ


ਮਾਲਟਾ, 17 ਅਕਤੂਬਰ (ਪੋਸਟ ਬਿਊਰੋ)- ਮਾਲਟਾ ਦੇ ਪਨਾਮਾ ਵਿੱਚ ਵਿਦੇਸ਼ੀ ਟੈਕਸ ਪਨਾਹਗਾਹ ਦਾ ਖੁਲਾਸਾ ਕਰਨ ਵਾਲੀ ਖੋਜੀ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ ਹੈ। ਪਨਾਮਾ ਪੇਪਰ ਲੀਕੇਜ ਕੇਸ ਨੇ ਦੁਨੀਆ ਦੇ ਵੱਡੇ-ਵੱਡੇ ਨੇਤਾਵਾਂ ਦੇ ਬਾਰੇ ਖੁਲਾਸੇ ਕੀਤੇ ਸਨ, ਪਰ ਇਸ ਲੀਕੇਜ ਪਿੱਛੇ ਜਿਸ ਪੱਤਰਕਾਰ ਦਾ ਹੱਥ ਸੀ, ਉਸ ਦੀ ਹੁਣ ਹੱਤਿਆ ਹੋ ਗਈ ਹੈ। ਇਸ ਪੱਤਰਕਾਰ ਨੇ ਦੁਨੀਆ ਭਰ ਦੇ ਰਾਜਨੀਤਕ ਅਤੇ ਉਦਯੋਗਿਕ ਪਰਿਵਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਪਨਾਮਾ ਪੇਪਰ ਲੀਕੇਜ ਨੂੰ ਸਾਰਿਆਂ ਸਾਹਮਣੇ ਲਿਆਉਣ ਵਾਲੀ ਪੱਤਰਕਾਰ ਡੈਫਨੀ ਕੈਰੂਆਨਾ ਗਲੈਜਿਆ ਦੀ ਬੰਬ ਧਮਾਕੇ ਵਿਚ ਮੌਤ ਮਾਲਟਾ ਵਿਚ ਉਨ੍ਹਾਂ ਦੀ ਕਾਰ ਵਿਚ ਹੋਏ ਬੰਬ ਧਮਾਕੇ ਵਿਚ ਹੋਈ ਹੈ। ਉਨ੍ਹਾਂ ਨੇ ਜੋ ਦਸਤਾਵੇਜ ਆਪਣੇ ਬਲਾਗ ਦੇ ਰਾਹੀਂ ਲੀਕ ਕੀਤੇ ਸਨ, ਉਸ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਉਨ੍ਹਾਂ ਦੇ ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖਬਾਰ ਤੋਂ ਕਿਤੇ ਵੱਧ ਸੀ। ਸੋਮਵਾਰ ਦੁਪਹਿਰ ਨੂੰ 53 ਸਾਲਾ ਗਲੈਜਿਆ ਦੀ ਕਾਰ ਉਤੇ ਬੰਬ ਸੁੱਟਿਆ ਗਿਆ, ਜਿਸ ਨਾਲ ਉਨ੍ਹਾਂ ਦੀ ਕਾਰ ਦੇ ਪਰਖੱਚੇ ਉੱਡ ਗਏ ਤੇ ਇਸ ਦਾ ਮਲਬਾ ਨੇੜੇ ਦੇ ਮੈਦਾਨ ਦੇ ਚਾਰੇ ਪਾਸੇ ਫੈਲ ਗਿਆ। ਉਨ੍ਹਾਂ ਨੇ ਹਾਲ ਹੀ ਵਿਚ ਮਾਲਟਾ ਦੇ ਪ੍ਰਧਾਨ ਮੰਤਰੀ ਜੋਸੇਫ ਮਸਕਟ ਅਤੇ ਉਨ੍ਹਾਂ ਦੇ ਦੋ ਕਰੀਬੀਆਂ ਦੇ ਬਾਰੇ ਵੱਡਾ ਖੁਲਾਸਾ ਕੀਤਾ ਸੀ।
ਗਲੈਜਿਆ ਉੱਤੇ ਹਮਲੇ ਦੀ ਹਾਲੇ ਤੱਕ ਕਿਸੇ ਗੁੱਟ ਨੇ ਜ਼ਿੰਮੇਵਾਰੀ ਨਹੀਂ ਲਈ, ਪਰ ਮਾਲਟਾ ਦੇ ਰਾਸ਼ਟਰਪਤੀ ਮਰੀ ਲੁਇਸ ਕੋਲੇਰੋ ਬੁਲਾਰੇ ਨੇ ਸ਼ਾਂਤੀ ਦੇ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਦੁਰਘਟਨਾ ਪਿੱਛੋਂ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼ਾਂਤੀ ਬਣਾਈ ਰੱਖਣ। ਇਸ ਧਮਾਕੇ ਮਗਰੋਂ ਜਲਦਬਾਜੀ ਵਿਚ ਸੱਦੀ ਪ੍ਰੈੱਸ ਕਾਨਫਰੰਸ ਵਿਚ ਮਸਕਟ ਨੇ ਕਿਹਾ ਕਿ ਸਾਰੇ ਲੋਕ ਜਾਣਦੇ ਸਨ ਕਿ ਕੈਰੂਆਨਾ ਗੈਲੇਜਿਆ ਮੇਰੀ ਕਾਫੀ ਕੱਟੜ ਵਿਰੋਧੀ ਸੀ। ਉਹ ਨਾ ਸਿਰਫ ਰਾਜਸੀ ਤੌਰ ਉੱਤੇ, ਸਗੋਂ ਨਿੱਜੀ ਤੌਰ ਉੱਤੇ ਵੀ ਇਸ ਹਮਲੇ ਨੂੰ ਸਹੀ ਨਹੀਂ ਠਹਿਰਾ ਸਕਦੇ। ਕੋਈ ਵੀ ਇਸ ਘਟਨਾ ਨੂੰ ਸਹੀ ਨਹੀਂ ਕਹਿ ਸਕਦਾ। ਇਹ ਇਕ ਭਿਆਨਕ ਹਮਲਾ ਹੈ। ਉਨ੍ਹਾਂ ਨੇ ਕਿਹਾ ਕਿ ਹਮਲੇ ਦੀ ਜਾਂਚ ਲਈ ਐੱਫ ਬੀ ਆਈ ਆ ਰਹੀ ਹੈ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਡੈਫਨੇ ਦੇ ਦੋ ਹਫਤੇ ਪਹਿਲਾਂ ਹੀ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ।