ਪਨਾਮਾ ਪੇਪਰ ਲੀਕੇਜ ਕੇਸ ਵਿੱਚ ਪਾਕਿ ਦਾ ਖਜ਼ਾਨਾ ਮੰਤਰੀ ਅਦਾਲਤ ਅੱਗੇ ਪੇਸ਼

ishaq dar
ਇਸਲਾਮਾਬਾਦ, 25 ਸਤੰਬਰ (ਪੋਸਟ ਬਿਊਰੋ)- ਪਨਾਮਾ ਪੇਪਰ ਲੀਕੇਜ਼ ਮਾਮਲੇ ਵਿਚ ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਅੱਜ ਸੋਮਵਾਰ ਨੂੰ ਪਾਕਿਸਤਾਨ ਦੀ ਅਦਾਲਤ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ਵਿੱਚ 10 ਲੱਖ ਰੁਪਏ ਦਾ ਜ਼ਮਾਨਤੀ ਬਾਂਡ ਜਮਾਂ ਕਰਵਾਇਆ ਹੈ।
ਨੈਸ਼ਨਲ ਅਕਾਊਂਟੇਬਿਲਟੀ ਬਿਊਰੋ (ਐੱਨ ਏ ਬੀ) ਵਲੋਂ 8 ਸਤੰਬਰ ਨੂੰ ਗਦੀਓਂ ਲਾਹੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੇ ਬੱਚਿਆਂ ਅਤੇ ਇਸਹਾਕ ਡਾਰ ਦੇ ਵਿਰੁੱਧ ਦਰਜ ਕਰਵਾਏ ਗਏ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਕਰ ਰਹੀ ਇਸ ਅਦਾਲਤ ਨੇ 20 ਸਤੰਬਰ ਨੂੰ ਇਸਹਾਕ ਡਾਰ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਡਾਰ ਅੱਜ ਹੀ ਨਵਾਜ਼ ਸ਼ਰੀਫ ਦੇ ਨਾਲ ਲੰਡਨ ਤੋਂ ਪਰਤੇ ਹਨ। ਅਦਾਲਤ ਨੇ ਸੰਖੇਪ ਸੁਣਵਾਈ ਤੋਂ ਬਾਅਦ ਡਾਰ ਦੇ ਕੇਸ ਨੂੰ 27 ਸਤੰਬਰ ਤੱਕ ਲਈ ਟਾਲ ਦਿੱਤਾ ਅਤੇ ਉਨ੍ਹਾਂ ਨੂੰ ਫਿਰ ਪੇਸ਼ ਹੋਣ ਲਈ ਕਿਹਾ ਹੈ, ਕਿਉਂਕਿ ਉਨ੍ਹਾਂ ਨੂੰ ਆਪਣੀ ਆਮਦਨ ਤੋਂ ਵੱਧ ਦੀ ਜਾਇਦਾਦ ਦੇ ਕੇਸ ਵਿਚ ਸਰਕਾਰੀ ਪੱਖ ਵਲੋਂ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਐੱਨ ਏ ਬੀ ਨੇ ਜਵਾਬਦੇਹੀ ਅਦਾਲਤ ਵਿੱਚ ਨਵਾਜ਼ ਸ਼ਰੀਫ, ਉਨ੍ਹਾਂ ਦੇ ਦੋਵੇਂ ਪੁੱਤਰਾਂ ਹਨਸ ਅਤੇ ਹੁਸੈਨ, ਬੇਟੀ ਮਰੀਅਮ, ਜਵਾਈ ਸਫਦਰ ਅਤੇ ਇਸਹਾਕ ਡਾਰ ਦੇ ਵਿਰੁੱਧ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ 3 ਕੇਸ ਦਰਜ ਕਰਵਾਏ ਹਨ। ਪਾਕਿਸਤਾਨ ਸੁਪਰੀਮ ਕੋਰਟ ਨੇ ਪਨਾਮਾ ਪੇਪਰ ਲੀਕ ਮਾਮਲੇ ਵਿੱਚ 28 ਜੁਲਾਈ ਨੂੰ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਅਯੋਗ ਐਲਾਨ ਕਰ ਦਿੱਤਾ ਸੀ।