ਪਨਾਮਾ ਪੇਪਰ ਕੇਸ: ਨਵਾਜ਼ ਸ਼ਰੀਫ ਦੀ ਅਰਜ਼ੀ ਵਿਚਾਰਨ ਲਈ ਸੁਪਰੀਮ ਕੋਰਟ ਸਹਿਮਤ

nawaz sharif
ਇਸਲਾਮਾਬਾਦ, 12 ਸਤੰਬਰ, (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੀ ਪਟੀਸ਼ਨ ਓਥੋਂ ਦੀ ਦੀ ਸੁਪਰੀਮ ਕੋਰਟ ਨੇ ਅੱਜ ਮਨਜ਼ੂਰ ਕਰ ਲਈ ਹੈ। ਇਸ ਵਿੱਚ ਪਨਾਮਾ ਪੇਪਰ ਲੀਕੇਜ ਕੇਸ ਵਿੱਚ ਨਵਾਜ਼ ਸ਼ਰੀਫ ਨੂੰ ਅਯੋਗ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਮੁੜ ਵਿਚਾਰ ਪਟੀਸ਼ਨਾਂ ਦੀ ਸੁਣਵਾਈ ਲਈ ਪੰਜ ਮੈਂਬਰੀ ਬੈਂਚ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ।
ਵਰਨਣ ਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪਿਛਲੀ 28 ਜੁਲਾਈ ਨੂੰ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਨੂੰ ਅਹੁਦੇ ਦੇ ਅਯੋਗ ਕਰਾਰ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਅਸਤੀਫ਼ਾ ਦੇਣਾ ਪਿਆ ਸੀ। ਇਸ ਫ਼ੈਸਲੇ ਦੇ ਖ਼ਿਲਾਫ਼ ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਮਰੀਅਮ, ਜਵਾਈ ਮੁਹੰਮਦ ਸਫਦਰ, ਬੇਟਿਆਂ ਹੁਸੈਨ ਤੇ ਹਸਨ ਅਤੇ ਵਿੱਤ ਮੰਤਰੀ ਇਸਹਾਕ ਡਾਰ ਨੇ ਰਿਵੀਜ਼ਨ ਪਟੀਸ਼ਨਾਂ ਦਾਇਰ ਕਰ ਕੇ ਦਲੀਲ ਨਾਲ ਅਦਾਲਤ ਦੇ ਫ਼ੈਸਲੇ ਦੀ ਨਵੇਂ ਸਿਰਿਓਂ ਘੋਖ ਦੀ ਬੇਨਤੀ ਕੀਤੀ ਗਈ ਹੈ ਕਿ ਇਹ ਕਾਨੂੰਨ ਦੀਆਂ ਕਈ ਵਿਵਸਥਾਵਾਂ ਦੀ ਉਲੰਘਣਾ ਹੈ।
ਜਸਟਿਸ ਐਜ਼ਾਜ਼ ਅਫਜ਼ਲ ਖ਼ਾਨ, ਜਸਟਿਸ ਸ਼ੇਖ ਅਜ਼ਮਤ ਸਈਦ ਅਤੇ ਜਸਟਿਸ ਐਜ਼ਾਜੁੱਲ ਅਹਿਸਾਨ ਦੀ ਤਿੰਨ ਮੈਂਬਰੀ ਬੈਂਚ ਦੇ ਸਾਹਮਣੇ ਅੱਜ ਪਟੀਸ਼ਨਾਂ ਪੇਸ਼ ਹੋਈਆਂ। ਸ਼ਰੀਫ ਦੇ ਬੇਟਿਆਂ ਤੇ ਬੇਟੀਆਂ ਵੱਲੋਂ ਪੇਸ਼ ਹੋਏ ਵਕੀਲ ਸਲਮਾਨ ਅਕਰਮ ਨੇ ਕਿਹਾ ਕਿ ਇਹ ਫ਼ੈਸਲਾ ਅਦਾਲਤ ਨੇ ਪੰਜ ਮੈਂਬਰੀ ਬੈਂਚ ਨੇ ਦਿੱਤਾ ਸੀ ਤੇ ਤਿੰਨ ਮੈਂਬਰੀ ਬੈਂਚ ਮੁੜ ਵਿਚਾਰ ਦੀ ਸੁਣਵਾਈ ਇਹੋ ਅਦਾਲਤ ਨਹੀਂ ਕਰ ਸਕਦੀ, ਇਸ ਲਈ ਵੱਡੀ ਬੈਂਚ ਬਣਾਈ ਜਾਵੇ। ਇਸ ਉੱਤੇ ਜੱਜਾਂ ਨੇ ਇਸ ਪਟੀਸ਼ਨ ਨੂੰ ਪ੍ਰਵਾਨ ਕਰ ਲਿਆ ਤੇ ਕਿਹਾ ਕਿ ਉਹ ਚੀਫ਼ ਜਸਟਿਸ ਨੂੰ ਪਟੀਸ਼ਨਾਂ ਦੀ ਸੁਣਵਾਈ ਲਈ ਪੰਜ ਮੈਂਬਰੀ ਬੈਂਚ ਬਣਾਉਣ ਦੇ ਲਈ ਕਹਿਣਗੇ। ਇਸ ਤੋਂ ਬਾਅਦ ਅਗਲੀ ਸੁਣਵਾਈ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ ਗਈ।