ਪਨਾਮਾ ਪੇਪਰਜ਼ ਵਾਲੀ ਫਰਮ ਨੇ ਦੁਕਾਨਦਾਰੀ ਸਮੇਟੀ


ਪਨਾਮਾ ਸਿਟੀ, 15 ਮਾਰਚ (ਪੋਸਟ ਬਿਊਰੋ)- ਪਨਾਮਾ ਪੇਪਰਜ਼ ਲੀਕੇਜ ਕਾਂਡ ਵਿੱਚ ਜੁੜੀ ਇੱਕ ਲਾਅ ਫਰਮ ਨੇ ਡਿੱਗਦੀ ਸਾਖ ਅਤੇ ਹੋਰ ਕਾਰਨਾਂ ਦਾ ਹਵਾਲਾ ਦੇ ਕੇ ਆਪਣਾ ਕੰਮ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ।
ਮੋਸਾਕ ਫੋਨਸੇਕਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ‘ਸਾਖ਼ ਵਿੱਚ ਗਿਰਾਵਟ, ਮੀਡਿਆ ਦੀ ਨਾਂਹ-ਪੱਖੀ ਮੁਹਿੰਮ, ਵਿੱਤੀ ਸਮੱਸਿਆਵਾਂ ਤੇ ਪਨਾਮਾ ਦੇ ਕੁਝ ਅਧਿਕਾਰੀਆਂ ਵਲੋਂ ਗਲਤ ਕਾਰਵਾਈਆਂ ਨੇ ਨੁਕਸਾਨ ਕੀਤਾ ਹੈ, ਜਿਸ ਨਾਲ ਇਸ ਮਹੀਨੇ ਦੇ ਅਖੀਰ ਤੋਂ ਸਾਰੇ ਜਨਤਕ ਕੰਮ ਬੰਦ ਕੀਤੇ ਜਾ ਰਹੇ ਹਨ।’ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਇੱਕ ਛੋਟਾ ਗਰੁੱਪ ਅਧਿਕਾਰੀਆਂ ਅਤੇ ਹੋਰ ਜਨਤਕ ਅਤੇ ਨਿੱਜੀ ਗਰੁੱਪਾਂ ਦੀ ਮਦਦ ਲਈ ਕੰਮ ਕਰਦਾ ਰਹੇਗਾ। ਕੋ-ਫਾਊਂਡਰ ਜਰਗਨ ਮੋਸਾਕ ਨੇ ਪਿਛਲੇ ਸਾਲ ਅਗਸਤ ਵਿੱਚ ਕਿਹਾ ਸੀ ਕਿ ਸਾਖ਼ ਡਿੱਗਣ ਕਾਰਨ ਵਪਾਰ ਵਿੱਚ ਹੋਣ ਵਾਲੇ ਘਾਟੇ ਨੂੰ ਵੇਖਦੇ ਹੋਏ ਫਰਮ ਨੇ ਵਿਦੇਸ਼ਾਂ ਵਿੱਚ ਆਪਣੇ ਜ਼ਿਆਦਾਤਰ ਦਫ਼ਤਰ ਬੰਦ ਕਰ ਦਿੱਤੇ ਹਨ।
ਵਰਨਣ ਯੋਗ ਹੈ ਕਿ ‘ਪਨਾਮਾ ਪੇਪਰਸ’ ਕਾਂਡ ਤਿੰਨ ਅਪ੍ਰੈਲ, 2016 ਨੂੰ ਸ਼ੁਰੂ ਹੋਇਆ ਸੀ, ਜਦੋਂ ਇਸ ਕੰਪਨੀ ਦੀ ਡਿਜੀਟਲ ਆਰਕਾਈਵਸ ਤੋਂ ਤਕਰੀਬਨ 1.15 ਕਰੋੜ ਫਾਈਲਾਂ ਲੀਕ ਹੋ ਗਈਆਂ ਸਨ। ਇਸ ਪੇਪਰਸ ਕਾਂਡ ਨੇ ਦੋ ਦੇਸ਼ਾਂ ਦੇ ਰਾਸ਼ਟਰਪਤੀਆਂ ਨੂੰ ਅਹੁਦੇ ਛੱਡਣ ਲਈ ਮਜੂਬਰ ਕਰ ਦਿੱਤਾ, ਜਦੋਂ ਕਿ ਹੋਰ ਕਈ ਵੱਡੀਆਂ ਹਸਤੀਆਂ ਦੀ ਸਾਖ ਖ਼ਰਾਬ ਕਰ ਦਿੱਤੀ ਸੀ। ਲੀਕ ਹੋਈਆਂ ਫਾਈਲਾਂ ਜਰਮਨੀ ਦੇ ਅਖਬਾਰ ‘ਐਸ.ਜੈਡ’ ਨੂੰ ਮਿਲੀਆਂ ਸਨ, ਜਿਨ੍ਹਾਂ ਬਾਅਦ ਵਿੱਚ ਉਨ੍ਹਾਂ ਨੂੰ ਇੰਟਰਨੈਸ਼ਨਲ ਕੰਜ਼ੋਰਟੀਅਮ ਆਫ ਇੰਵੈਸਟੀਗੇਸ਼ਨ ਜਰਨਲਿਸਟਸ ਨੂੰ ਸੌਂਪ ਦਿੱਤਾ ਸੀ। ਇਸ ਕਾਂਡ ਨਾਲ ਆਈਸਲੈਂਡ ਦੇ ਪ੍ਰਧਾਨ ਮੰਤਰੀ ਸਿਗਮੁੰਦੁਰ ਡੇਵਿਡ ਗੁਨਲਾਗਸਨ ਨੂੰ ਅਸਤੀਫਾ ਦੇਣਾ ਪਿਆ ਅਤੇ ਪਾਕਿਸਤਾਨ ਦੀ ਅਦਾਲਤ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਇਸ ਅਹੁਦੇ ਤੋਂ ਅਯੋਗ ਐਲਾਨ ਦਿੱਤਾ ਸੀ। ਇਸ ਲੀਕ ਕਾਂਡ ਵਿਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ, ਫੁਟਬਾਲ ਸਟਰ ਲਿਓਨਲ ਮੇਸੀ, ਅਰਜਨਟੀਨਾ ਦੇ ਰਾਸ਼ਟਰਪਤੀ ਮੌਰੀਸੀਓ ਮਾਸਰੀ ਦਾ ਨਾਮ ਵੀ ਆਇਆ ਹੈ। ਅਮਰੀਕੀ ਸੈਂਟਰ ਫਾਰ ਪਬਲਿਕ ਇੰਟੈਗ੍ਰਿਟੀ ਅਨੁਸਾਰ ਇਸਨੂੰ ਲੈ ਕੇ 79 ਦੇਸ਼ਾਂ ਵਿੱਚ ਘੱਟੋ-ਘੱਟ 150 ਜਾਂਚ ਚੱਲ ਰਹੀ ਹਨ।