ਨੰਗੀਆਂ ਬਾਹਵਾਂ ਵਾਲੀਆਂ ਕਮੀਜ਼ਾਂ ਪਹਿਨਣਾ ਔਰਤਾਂ ਲਈ ਸਹੀ ਨਹੀਂ- ਕਿਮ ਕੈਂਪਬੈੱਲ

ਵੈਨਕੂਵਰ ਪੋਸਟ ਬਿਉਰੋ: ਕੈਨੇਡਾ ਦੀ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੈੱਲ ਨੇ ਉਹਨਾਂ ਟੈਲੀਵੀਜ਼ਟ ਹੋਸਟ ਔਰਤਾਂ ਨੂੰ ਕਰੜੇ ਹੱਥੀਂ ਲਿਆ ਹੈ ਜੋ ਨੰਗੀਆਂ ਬਾਹਵਾਂ ਵਾਲੀਆਂ ਕਮੀਜ਼ਾਂ ਪਹਿਨ ਕੇ ਪ੍ਰੋਗਰਾਮ ਕਰਨ ਆਉਂਦੀਆਂ ਹਨ। ਕੈਮਬੈੱਲ ਨੇ ਕਿਹਾ ਕਿ ਅਜਿਹੀਆਂ ਔਰਤਾਂ ਜਦੋਂ ਨੰਗੀਆਂ ਬਾਹਵਾਂ ਵਿਖਾਉਂਦੀਆਂ ਹਨ ਤਾਂ ਉਹਨਾਂ ਦੀ ਨਿੱਜੀ ਭਰੋਸੇਯੋਗਤਾ ਉੱਤੇ ਸੁਆਲ ਖੜੇ ਹੋ ਜਾਂਦੇ ਹਨ। ਟਵਿੱਟਰ ਉੱਤੇ ਕੀਤੀ ਇੱਕ ਵਿਵਾਦਮਈ ਟਿੱਪਣੀ ਵਿੱਚ ਕੈਮਬੈੱਲ ਨੇ ਕਿਹਾ ਹੈ ਕਿ ਮੈਨੂੰ ਹੈਰਾਨੀ ਹੁੰਦੀ ਹੈ ਜਦੋਂ ਮੈਂ ਟੈਲੀਵੀਜ਼ਨ ਉੱਤੇ ਸੂਟ ਬੂਟ ਪਾ ਕੇ ਬੈਠੇ ਮਦਰ ਹੋਸਟਾਂ ਨਾਲ ਨੰਗੀਆਂ ਬਾਹਵਾਂ ਵਾਲੀਆਂ ਔਰਤਾਂ ਨੂੰ ਬੈਠੇ ਵੇਖਦੀ ਹਾਂ।

ਆਪਣੇ ਤਰਕ ਦੇ ਸਮਰੱਥਨ ਵਿੱਚ ਕੈਮਬੈੱਲ ਨੇ ਇੱਕ ਅਮਰੀਕਨ ਲੇਖਕ ਦਾ ਹਵਾਲਾ ਦਿੱਤਾ ਹੈ ਜਿਸਨੇ ਪਿੱਛੇ ਜਿਹੇ ਔਰਤਾਂ ਬਾਰੇ ਲਿਖਿਆ ਸੀ ਕਿ ਜੇ ਤੁਸੀਂ ਸਾਡੇ ਸਾਹਮਣੇ ਨੰਗੀ ਚੱਮੜੀ ਨਾਲ ਆਵੋਗੀਆਂ ਤਾਂ ਸਾਡਾ ਸਾਰਾ ਧਿਆਨ ਤੁਹਾਡੇ ਸਰੀਰ ਉੱਤੇ ਚਲਿਆ ਜਾਵੇਗਾ।

ਕੈਮਬੈੱਲ ਦੀ ਟਿੱਪਣੀ ਦੇ ਜਵਾਬ ਵਿੱਚ ਕੰਜ਼ਰਵੇਟਿਵ ਐਮ ਪੀ ਮਿਸ਼ੇਲ ਰੈਮਪੈਲ ਨੇ ਕਿਹਾ ਹੈ ਕਿ ਮੇਰਾ ਇਹ ਦ੍ਰਿੜ ਯਕੀਨ ਹੈ ਕਿ ਕੈਨੇਡੀਆਂ ਨੂੰ ਨੰਗੀਆਂ ਬਾਹਵਾਂ ਪਾਉਣ ਦਾ ਪੂਰਾ ਹੱਕ ਹੈ। ਰੈਮਪੈਲ ਦਾ ਇਹ ਵੀ ਆਖਣਾ ਹੈ ਕਿ ਕਿਸੇ ਔਰਤ ਵੱਲੋਂ ਭਰੋਸੇਯੋਗਤਾ ਪੂਰੀਆਂ ਬਾਹਵਾਂ ਦੀ ਕਮੀਜ਼ ਪਹਿਨ ਕੇ ਨਹੀਂ ਕਮਾਈ ਜਾ ਸਕਦੀ। ਇਹ ਤੁਹਾਡੀ ਸਖ਼ਸਿ਼ਅਤ ਦੇ ਗੁਣਾਂ ਕਾਰਣ ਪੈਦਾ ਹੁੰਦੀ ਹੈ।