ਨ੍ਰਿਤ ਹੀ ਮੇਰੀ ਪਛਾਣ : ਮਾਧੁਰੀ ਦੀਕਸ਼ਿਤ

madhuri
ਮਾਧੁਰੀ ਦੀਕਸ਼ਿਤ ਆਪਣੇ ਸਮੇਂ ਦੀ ਨਾ ਸਿਰਫ ਇੱਕ ਚੰਗੀ ਅਭਿਨੇਤਰੀ ਰਹੀ ਹੈ, ਸਗੋਂ ਬਹੁਤ ਚੰਗੀ ਡਾਂਸਰ ਵੀ ਹੈ। ਇਸ ਲਈ ਉਨ੍ਹਾਂ ਨੂੰ ਰਿਐਲਿਟੀ ਡਾਂਸ ਸ਼ੋਅਜ਼ ਦੀ ਜੱਜ ਬਣੇ ਦੇਖਿਆ ਜਾ ਸਕਦਾ ਹੈ। ਨ੍ਰਿਤ ਪ੍ਰਤੀ ਮਾਧੁਰੀ ਦੇ ਪ੍ਰੇਮ ਤੇ ਲਗਾਅ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਆਪਣੇ ਫੈਨਸ ਨੂੰ ਨ੍ਰਿਤ ਸਿਖਾਉਣ ਲਈ ਇੱਕ ਡਿਜੀਟਲ ਵੈੱਬਸਾਈਟ ਦਾ ਨਿਰਮਾਣ ਕਰਾਇਆ ਹੈ, ਜਿਸ ਨੂੰ ਦੇਖ ਕੇ ਫੈਨਸ ਕ੍ਰਮਵਾਰ ਤਰੀਕੇ ਨਾਲ ਨ੍ਰਿਤ ਕਲਾ ਸਿੱਖ ਸਕਦੇ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਡਿਜੀਟਲ ਦੁਨੀਆ ਨੇ ਡਿਜੀਟਲ ਡਾਂਸ ਲਈ ਰਸਤੇ ਖੋਲ੍ਹੇ ਹਨ। ਇਸ ਵਿਸ਼ੇ ‘ਚ ਤੁਹਾਡਾ ਕੀ ਵਿਚਾਰ ਹੈ?
– ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਡਿਜੀਟਲ ਦੁਨੀਆ ਬੜੀ ਤੇਜ਼ੀ ਨਾਲ ਵਧ ਰਹੀ ਹੈ। ਇਸ ਯੁੱਗ ਦੇ ਬੱਚੇ ਫਿਕਸ਼ਨਲ ਕਹਾਣੀਆਂ ਸੁਣਨਾ ਨਹੀਂ ਪਸੰਦ ਕਰਦੇ। ਨਾਨਾ-ਨਾਨੀ, ਦਾਦਾ-ਦਾਦੀ ਤੋਂ ‘ਚੰਦਾ ਮਾਮਾ’ ਦੀਆਂ ਕਹਾਣੀਆਂ ਸੁਣ ਕੇ ਅਸੀਂ ਵੱਡੇ ਹੋਏ ਹਾਂ, ਪਰ ਅੱਜ ਜੇ ਮੈਂ ਇਹ ਕਹਾਂ ਕਿ ਇੱਕ ਔਰਤ ਚੰਦਰਮਾ ‘ਤੇ ਰਹਿੰਦੀ ਹੈ ਤਾਂ ਮੇਰੇ ਬੱਚੇ ਮੈਨੂੰ ਤੁਰੰਤ ਕਰੈਕਟ ਕਰਦੇ ਹੋਏ ਕਹਿੰਦੇ ਹਨ ਕਿ ਚੰਦਰਮਾ ‘ਤੇ ਗੁਰੂਤਾ ਆਕਰਸ਼ਣ ਸ਼ਕਤੀ ਹੁੰਦੀ ਹੈ ਮਾਂ। ਅੱਜ ਦੇ ਬੱਚਿਆਂ ਨੂੰ ਤੱਥ ਪੂਰਨ ਕਹਾਣੀਆਂ ਚਾਹੀਦੀਆਂ ਹਨ।
* ਡਿਜੀਟਲ ਵਰਲਡ ਦੇ ਕੀ-ਕੀ ਫਾਇਦੇ ਹਨ?
– ਡਿਜੀਟਲ ਵਰਲਡ ਦੇ ਬਹੁਤ ਫਾਇਦੇ ਹਨ। ਅਸੀਂ ਸਾਰੀ ਦੁਨੀਆ ਦੇ ਸੰਪਰਕ ਵਿੱਚ ਰਹਿ ਸਕਦੇ ਹਾਂ ਅਤੇ ਹਰ ਜਾਣਕਾਰੀ ਹਾਸਲ ਕਰ ਸਕਦੇ ਹਾਂ। ਹੁਣ ਫਿਲਮਾਂ ਦੇਖਣ ਲਈ ਸਿਰਫ ਸੱਤਰ ਐਮ ਐਮ ਦਾ ਪਰਦਾ ਹੀ ਨਹੀਂ ਰਿਹਾ। ਤੁਹਾਡੇ ਕੋਲ ਆਈਫੋਨ ਵੀ ਹੈ, ਜਿਸ ‘ਤੇ ਤੁਸੀਂ ਕਿਤੇ ਵੀ ਕਦੇ ਵੀ ਕੋਈ ਵੀ ਗਾਣਾ ਤੇ ਫਿਲਮ ਦੇਖ ਕੇ ਐਂਟਰਟੇਨ ਹੋ ਸਕਦੇ ਹੋ। ਅੱਜ ਗੂਗਲ ਤੋਂ ਤੁਸੀਂ ਹਰ ਜਾਣਕਾਰੀ ਹਾਸਲ ਕਰ ਸਕਦੇ ਹੋ। ਭਾਵੇਂ ਉਹ ਕਿਸੇ ਵੀ ਖੇਤਰ ਨਾਲ ਸੰਬੰਧਤ ਕਿਉਂ ਨਾ ਹੋਵੇ। ਇੱਕ ਕਲਿਕ ‘ਤੇ ਸਭ ਮਿਲ ਜਾਂਦਾ ਹੈ। ਅੱਜ ਦੇ ਬੱਚੇ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ ਹਨ।
* ਤੁਸੀਂ ਡਾਂਸ ਕਲਾਸਿਜ਼ ਦੀ ਇੱਕ ਵੈਬਸਾਈਟ ਬਣਾਈ ਹੈ। ਕੀ ਇਸ ਨਾਲ ਲੋਕ ਡਾਂਸ ਸਿੱਖ ਸਕਣਗੇ?
– ਜਦੋਂ ਮੈਂ ਪਹਿਲੀ ਵਾਰ ਆਪਣੇ ਪਤੀ ਡਾਕਟਰ ਨੇਨੇ ਨੂੰ ਮਿਲੀ, ਉਦੋਂ ਉਹ ਹੈਲਥ ਕੇਅਰ ‘ਤੇ ਕੁਝ ਡਿਜੀਟਲ ਕੰਮ ਕਰ ਰਹੇ ਸਨ। ਉਦੋਂ ਮੇਰੇ ‘ਚ ਇੱਕ ਵਿਚਾਰ ਆਇਆ ਕਿ ਮੈਂ ਵੀ ਆਪਣੇ ਡਾਂਸ ਦੇ ਜਨੂੰਨ ਨੂੰ ਡਿਜੀਟਲ ‘ਤੇ ਪੇਸ਼ ਕਰ ਸਕਦੀ ਹਾਂ? ਮੈਂ ਜੋ ਕੁਝ ਆਪਣੇ ਗੁਰੂ ਸਰੋਜ ਖਾਨ ਤੇ ਬਿਰਜੂ ਮਹਾਰਾਜ ਤੋਂ ਸਿਖਿਆ ਹੈ, ਉਹ ਸਾਰਾ ਇਕਜੁੱਟ ਕਰ ਕੇ ਆਪਣੇ ਫੈਨਸ ਨੂੰ ਨ੍ਰਿਤ ਸਿਖਾ ਸਕਦੀ ਹਾਂ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਉਸੇ ਸਮੇਂ ਇਹ ਤੈਅ ਕਰ ਲਿਆ ਕਿ ਮੈਂ ਆਪਣੇ ਨ੍ਰਿਤ ਦੀ ਇੱਕ ਵੈਬਸਾਈਟ ਬਣਾਵਾਂਗੀ ਅਤੇ ਉਸ ਵਿੱਚ ਵੱਖ-ਵੱਖ ਕੋਰੀਓਗਰਾਫਰਜ਼ ਨੂੰ ਲੈ ਕੇ ਕੁਝ ਡਾਂਸ ਦੇ ਐਪੀਸੋਡਸ ਬਣਾ ਕੇਉਸ ‘ਤੇ ਲੋਡ ਕਰ ਦੇਵਾਂਗੀ ਅਤੇ ਮੈਂ ਅਜਿਹਾ ਕੀਤਾ। ਮੇਰੇ ਫੈਨਸ ਉਸ ਵੈਬਸਾਈਟ ‘ਤੇ ਜਾ ਕੇ ਆਪਣੇ ਆਪ ਨੂੰ ਐਪੀਸੋਡਸ ਨੂੰ ਵਾਰ-ਵਾਰ ਦੇਖ ਕੇ ਖੁਦ ਨੂੰ ਡਾਂਸ ‘ਚ ਨਿਪੁੰਨ ਬਣਾ ਰਹੇ ਹਨ। ਅੱਜ ਉਨ੍ਹਾਂ ਨੂੰ ਅਜਿਹੇ ਗੁਰੂ ਮਿਲਣੇ ਮੁਸ਼ਕਲ ਹਨ, ਜਦ ਕਿ ਮੇਰੀ ਵੈਬਸਾਈਟ ਤੋਂ ਉਹ ਬਹੁਤ ਕੁਝ ਸਿੱਖ ਸਕਦੇ ਹਨ। ਇਹ ਸਭ ਡਿਜੀਟਲ ਤਰੱਕੀ ਦੀ ਵਜ੍ਹਾ ਨਾਲ ਹੀ ਹੋ ਸਕਿਆ ਹੈ।
* ਕੀ ਤੁਹਾਡੀ ਇਸ ਵੈਬਸਾਈਟ ਤੋਂ ਵਿਆਹ ‘ਚ ਨੱਚਣ ਵਾਲਿਆਂ ਨੂੰ ਵੀ ਕੁਝ ਸਿੱਖਣ ਨੂੰ ਮਿਲ ਸਕਦਾ ਹੈ?
– ਜੀ ਬਿਲਕੁਲ, ਅੱਜਕੱਲ੍ਹ ਵਿਆਹਾਂ ‘ਚ ਜਾ ਕੇ ਨੱਚਣ ਦਾ ਰੁਝਾਨ ਵੱਧ ਗਿਆ ਹੈ। ਭਾਰਤ, ਯੂ ਐੱਸ ਏ ਤੇ ਹੋਰ ਦੇਸ਼ਾਂ ਵਿੱਚ ਵੀ ਲੋਕ ਇੱਕ-ਦੂਜੇ ਦੇ ਵਿਆਹਾਂ ਵਿੱਚ ਨੱਚਣਾ ਪਸੰਦ ਕਰਦੇ ਹਨ। ਜੇ ਉਹ ਕਿਸੇ ਗਾਣੇ ਦੀ ਚੋਣ ਕਰ ਲੈਣ ਤਾਂ ਉਸ ਗਾਣੇ ਦੇ ਐਪੀਸੋਡ ਸਾਡੀ ਸਾਈਟ ਤੋਂ ਕੱਢ ਕੇ ਰਿਹਰਸਲ ਕਰ ਸਕਦੇ ਹਨ।
* ਬਾਲੀਵੁੱਡ ਦੇ ਗਾਣੇ ਅੱਜਕੱਲ੍ਹ ਆਈਟਮ ਸੌਂਗ ਬਣ ਕੇ ਰਹਿ ਗਏ ਹਨ? ਕੀ ਕਹਿਣਾ ਚਾਹੋਗੇ ਤੁਸੀਂ?
– ਮੇਰੀ ਪਛਾਣ ਬਾਲੀਵੁੱਡ ਵਿੱਚ ਅਭਿਨੈ ਅਤੇ ਨ੍ਰਿਤ ਕਾਰਨ ਹੋਈ ਹੈ। ਬਾਲੀਵੁੱਡ ਨੇ ਮੈਨੂੰ ਨਾਂਅ ਤੇ ਸ਼ੋਹਰਤ ਦਿੱਤੀ ਹੈ। ਇਹ ਜ਼ਰੂਰੀ ਹੈ ਕਿ ਲੋਕ ਚੰਗੇ ਨ੍ਰਿਤ ਬਾਲੀਵੁੱਡ ਵਿੱਚ ਦੇਖਣਾ ਪਸੰਦ ਕਰਦੇ ਹਨ। ਮੈਂ ਜੋ ਕੁਝ ਨਟਖਟ ਗਾਣੇ ਕੀਤੇ, ਉਨ੍ਹਾਂ ਦਾ ਸਿਹਰਾ ਸਰੋਜ ਖਾਨ ਨੂੰ ਜਾਂਦਾ ਹੈ ਕਿਉਂਕਿ ਉਸ ‘ਚ ਅਦਾ ਤੇ ਨਜ਼ਾਕਤ ਹੈ। ਦਰਅਸਲ, ਕੱਥਕ ਸਿੱਖਣ ਤੋਂ ਬਾਅਦ ਡਾਂਸਰ ‘ਚ ਅਦਾ ਤੇ ਨਜ਼ਾਕਤ ਖੁਦ ਹੀ ਆ ਜਾਂਦੀ ਹੈ। ਅੱਜਕੱਲ੍ਹ ਕਿਤੇ ਨਾ ਕਿਤੇ ਉਹ ਮਿਸ ਹੋ ਰਿਹਾ ਹੈ।
* ਅੱਜ ਵੀ ਤੁਹਾਡੇ ਬਹੁਤ ਫੈਨਸ ਹੋਣਗੇ? ਕੀ ਉਨ੍ਹਾਂ ਨਾਲ ਸੈਲਫੀ ਸ਼ੇਅਰ ਕਰਨ ‘ਚ ਕੋਈ ਇਤਰਾਜ਼ ਹੁੰਦਾ ਹੈ?
– ਬਿਲਕੁਲ ਨਹੀਂ। ਸਾਡੇ ਟਾਈਮ ਵਿੱਚ ਤਾਂ ਆਟੋਗ੍ਰਾਫ ਸਾਈਨ ਕਰਨ ਦਾ ਰੁਝਾਨ ਹੋਇਆ ਕਰਦਾ ਸੀ, ਪਰ ਅੱਜ ਹਰ ਕੋਈ ਸੈਲਫੀ ਲੈਣਾ ਚਾਹੁੰਦਾ ਹੈ ਤੇ ਆਪਣੇ ਫੈਨਸ ਨਾਲ ਸੈਲਫੀ ਖਿਚਵਾਉਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਅੱਜਕੱਲ੍ਹ ਮੈਂ ਥੋੜ੍ਹੀ ਬਹੁਤ ਸ਼ਾਪਿੰਗ ਖੁਦ ਕਰ ਲੈਂਦੀ ਹਾਂ। ਉਸ ਸਮੇਂ ਵੀ ਜਦੋਂ ਮੇਰੇ ਫੈਨਸ ਮੈਨੂੰ ਸੈਲਫੀ ਲੈਣ ਦੀ ਗੁਜਾਰਿਸ਼ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਸੈਲਫੀ ਦੇ ਹੀ ਦਿੰਦੀ ਹਾਂ, ਉਨ੍ਹਾਂ ਨੂੰ ਨਿਰਾਸ਼ ਕਰਨਾ ਨਹੀਂ ਚਾਹੁੰਦੀ।