ਨੌਰਥ ਯੌਰਕ ਵਿੱਚ ਚੱਲੀ ਗੋਲੀ, ਇੱਕ ਵਿਅਕਤੀ ਹਲਾਕ

ਨੌਰਥ ਯੌਰਕ, 9 ਜੁਲਾਈ (ਪੋਸਟ ਬਿਊਰੋ) : ਸੋਮਵਾਰ ਸਵੇਰੇ ਨੌਰਥ ਯੌਰਕ ਵਿੱਚ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਪੁਲਿਸ ਦੀ ਤਰਜ਼ਮਾਨ ਕੈਟਰੀਨਾ ਐਰੋਗੈਂਟੇ ਨੇ ਦੱਸਿਆ ਕਿ ਤੜ੍ਹਕੇ 12:00 ਵਜੇ ਗੋਲੀ ਚੱਲਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪੁਲਿਸ ਜੇਨ ਸਟਰੀਟ ਦੇ ਪੱਛਮ ਵਿੱਚ ਸਥਿਤ ਸੋ਼ਰਹੈਮ ਡਰੇਲ ਪਹੁੰਚੀ। ਜਦੋਂ ਅਧਿਕਾਰੀ ਮੌਕੇ ਉੱਤੇ ਪਹੁੰਚੇ ਤਾਂ ਉੱਥੇ ਇੱਕ ਵਿਅਕਤੀ ਜ਼ਮੀਨ ਉੱਤੇ ਪਿਆ ਸੀ ਤੇ ਉਸ ਦੇ ਕਈ ਗੋਲੀਆਂ ਲੱਗਣ ਕਾਰਨ ਥਾਂ ਥਾਂ ਜ਼ਖ਼ਮਾਂ ਦੇ ਨਿਸ਼ਾਨ ਸਨ। ਉਹ ਵਿਅਕਤੀ ਆਪਣੇ 20ਵਿਆਂ ਦੇ ਅਖੀਰ ਵਿੱਚ ਜਾਂ 30ਵਿਆਂ ਦੇ ਸ਼ੁਰੂ ਵਿੱਚ ਸੀ।
ਇਸ ਮਾਮਲੇ ਦੀ ਜਾਂਚ ਹੋਮੀਸਾਈਡ ਯੂਨਿਟ ਵੱਲੋਂ ਆਪਣੇ ਹੱਥ ਵਿੱਚ ਲਈ ਗਈ ਹੈ। ਅਜੇ ਤੱਕ ਕਿਸੇ ਵੀ ਮਸ਼ਕੂਕ ਦੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਐਰੋਗੈਂਟੇ ਨੇ ਦੱਸਿਆ ਕਿ ਪੁਲਿਸ ਸਿਲਵਰ ਰੰਗ ਦੀ ਗੱਡੀ ਦੀ ਭਾਲ ਕਰ ਰਹੀ ਹੈ ਜਿਸ ਨੂੰ ਇਲਾਕੇ ਵਿੱਚ ਘਟਨਾ ਵੇਲੇ ਵੇਖਿਆ ਗਿਆ ਸੀ। ਇਲਾਕੇ ਵਿੱਚ ਗੋਲੀਆਂ ਦੇ ਖੋਲ ਵੀ ਮਿਲੇ ਹਨ।
ਇਹ ਪਿਛਲੇ 24 ਘੰਟਿਆਂ ਵਿੱਚ ਗੋਲੀਬਾਰੀ ਦੀ ਦੂਜੀ ਵਾਰਦਾਤ ਹੈ। ਐਤਵਾਰ ਨੂੰ ਜੇਨ ਸਟਰੀਟ ਤੇ ਡਰਿਫਟਵੁੱਡ ਐਵਨਿਊ ਨੇੜੇ ਦੱਖਣੀ ਬਲਾਕ ਵਿੱਚ ਇੱਕ ਰਿਹਾਇਸ਼ੀ ਬਿਲਡਿੰਗ ਵਿੱਚ ਕਰੀਮ ਹਰੀਮੀ ਨਾਂ ਦਾ ਵਿਅਕਤੀ ਮਾਰਿਆ ਗਿਆ ਸੀ।ਮਸ਼ਕੂਕ ਸਿਆਹ ਨਸਲ ਦਾ ਪੁਰਸ਼ ਦੱਸਿਆ ਜਾਂਦਾ ਹੈ ਜੋ ਕਿ ਆਪਣੇ 20ਵਿਆਂ ਦੇ ਮੱਧ ਵਿੱਚ ਸੀ ਤੇ ਉਸ ਨੇ ਹੁਡੀ ਵਾਲੀ ਸਵੈੱਟਸ਼ਰਟ ਤੇ ਡਾਰਕ ਪੈਂਟਜ਼ ਪਾਈਆਂ ਹੋਈਆਂ ਸਨ।