ਨੌਰਥ ਕੋਰੀਆ: ਕੈਨੇਡਾ ਨੂੰ ਬੇਨਤੀਆਂ ਨਹੀਂ ਐਕਸ਼ਨ ਦੀ ਲੋੜ

4 North Korea leader

ਨੌਰਥ ਕੋਰੀਆ ਦਾ ਵਿਸ਼ਵ ਸ਼ਾਂਤੀ ਨੂੰ ਖਤਰੇ ਵਿੱਚ ਪਾਉਣ ਵਾਲਾ ਦੁਰਸਾਹਸ ਰੁਕਣ ਦਾ ਨਾਮ ਨਹੀਂ ਲੈ ਰਿਹਾ। ਐਤਵਾਰ ਨੂੰ ਇਸਨੇ ਉਹ ‘ਹਾਈਡਰੋਜਨ ਬੰਬ’ ਟੈਸਟ ਕੀਤਾ ਜਿਸਨੂੰ ਇੰਟਰ-ਕਾਂਟੀਨੈਂਟਲ ਬਲਾਸਟਿਮ ਮਿਜ਼ਾਈਲ (ICBM) ਉੱਤੇ ਫਿੱਟ ਕਰਕੇ ਦਾਗਿਆ ਜਾ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਟਵਿੱਟਰਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਨਿਊਕਲੀਅਰ ਧਮਾਕਿਆਂ ਉੱਤੇ ਲਾਏ ਗਏ ਬੈਨ ਨੂੰ ‘ਟਿੱਚ’ ਸਮਝ ਕੇ ਨੌਰਥ ਕੋਰੀਆ ਦਾ 35 ਕੁ ਸਾਲਾ ਤਾਨਾਸ਼ਾਹ ਕਿਮ ਜੌਨ ਉਨ (Kim Jong-un) ਹੁਣ ਤੱਕ ਇੱਕ ਤੋਂ ਬਾਅਦ ਇੱਕ ਛੇ ਨਿਊਕਲੀਅਰ ਧਮਾਕੇ ਕਰ ਚੁੱਕਾ ਹੈ। ਇੱਕ ਪਾਸੇ 3 ਸਤੰਬਰ ਨੂੰ ਕੀਤੇ ਗਏ ਨਿਊਕਲੀਅਰ ਟੈਸਟ ਨਾਲ ਨੌਰਥ ਕੋਰੀਆ ਨੇ ਆਪਣੇ ਸਮੁੰਦਰੀ ਪਾਣੀਆਂ ਵਿੱਚ 6.3 ਰਿਕਟਰ ਸਕੇਲ ਦਾ ਭੂਚਾਲ ਪੈਦਾ ਕੀਤਾ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਆਪਣੇ ਸੁਭਾਅ ਮੁਤਾਬਕ ਦਬੜਸੱਟ ਬਿਆਨ ਦਾਗਣ ਵਿੱਚ ਮਸਤ ਹਨ। ਟਰੰਪ ਦਾ ਆਖਣਾ ਹੈ ਨੌਰਥ ਕੋਰੀਆ ਨੂੰ ਅਮਰੀਕਾ ਦੀ ‘ਅੱਗ ਅਤੇ ਗੁੱਸੇ’ (fire and fury) ਦਾ ਸਾਹਮਣਾ ਕਰਨਾ ਪਵੇਗਾ। ਪਰ ਸੱਚਾਈ ਇਹ ਹੈ ਕਿ ਹਾਲੇ ਤੱਕ ਅਮਰੀਕਾ ਨੇ ਕੋਈ ਸਪੱਸ਼ਟ ਨੀਤੀ ਨਹੀਂ ਅਪਣਾਈ ਹੈ ਜਿਸਤੋਂ ਪਤਾ ਲੱਗੇ ਕਿ ਮਸਲੇ ਨਾਲ ਸਿੱਝਣਾ ਕਿਵੇਂ ਹੈ?
ਪੈਦਾ ਹੋਈ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਨੌਰਥ ਕੋਰੀਆ ਦੇ ਗੁਆਂਢੀ ਮੁਲਕਾਂ ਜਾਪਾਨ ਅਤੇ ਸਾਊਥ ਕੋਰੀਆ ਨੇ ਆਪਣੇ ਫੌਜੀ ਇੰਤਜ਼ਾਮ ਸਖ਼ਤ ਕਰ ਲਏ ਹਨ। ਸਾਊਥ ਕੋਰੀਆ ਨੇ ਅਮਰੀਕਾ ਦੇ ਮਿਜ਼ਾਈਲ ਡੀਫੈਂਸ ਸਿਸਟਮ THAAD (Terminal High Altitude Area Defence) ਨੂੰ ਵੀ ਅਪਣਾ ਲਿਆ ਹੈ ਹਾਲਾਂਕਿ ਜਿ਼ਆਦਾਤਰ ਸਾਊਥ ਕੋਰੀਆ ਵਾਸੀ ਇਸ ਸਮਝੌਤੇ ਦੇ ਹੱਕ ਵਿੱਚ ਨਹੀਂ ਹਨ। THAAD ਬਾਰੇ ਕਿਹਾ ਜਾਂਦਾ ਹੈ ਕਿ ਇਹ ਛੋਟੀ, ਦਰਮਿਆਨੀ ਅਤੇ ਲੰਬੀ ਰੇਂਜ ਦੀ ਬਲਾਸਟਿਕ ਮਿਜ਼ਾਇਲ ਨੂੰ ਥੱਲੇ ਡੇਗਣ ਦੀ ਤਾਕਤ ਰੱਖਦਾ ਹੈ। ਪਰ ਅੰਤਰਾਸ਼ਟਰੀ ਹਾਲਾਤ ਇਹੋ ਜਿਹੇ ਬਣ ਚੁੱਕੇ ਹਨ ਜਿੱਥੇ ਕੋਈ ਇੱਕ ਧਿਰ ਸਮੱਸਿਆ ਦੇ ਹੱਲ ਦਾ ਸੂਤਰਧਾਰ ਨਹੀਂ ਬਣ ਸਕਦੀ। ਮਿਸਾਲ ਵਜੋਂ ਚੀਨ ਅਤੇ ਰੂਸ ਕਦੇ ਨਹੀਂ ਚਾਹੁਣਗੇ ਕਿ ਅਮਰੀਕਾ ਐਨੇ ਸਖ਼ਤ ਕਦਮ ਚੁੱਕ ਪਾਵੇ ਜਿਸ ਨਾਲ ਉਹਨਾਂ ਦੀ ਖੇਤਰੀ ਸਰਦਾਰੀ ਨੂੰ ਚੁਣੌਤੀ ਪੈਦਾ ਹੋਵੇ।
ਵੱਧ ਤੋਂ ਵੱਧ ਇਹ ਚਾਂਸ ਬਣ ਸਕਦੇ ਹਨ ਕਿ ਇਸ ਹਫ਼ਤੇ ਅਮਰੀਕਾ ਯੂਨਾਈਟਡ ਨੇਸ਼ਨ ਦੀ ਸਿਕਿਉਰਿਟੀ ਕਾਉਂਸਲ ਤੋਂ ਨੌਰਥ ਕੋਰੀਆਂ ਵਿਰੁੱਧ ਸਖ਼ਤ ਆਰਥਕ ਪਾਬੰਦੀਆਂ ਲਾਉਣ ਵਿੱਚ ਸਫ਼ਲ ਹੋ ਜਾਵੇ। ਸਾਊਥ ਕੋਰੀਆ, ਰੂਸ ਅਤੇ ਚੀਨ ਲਗਾਤਾਰ ਨੌਰਥ ਕੋਰੀਆ ਨਾਲ ਬਿਜਨਸ ਸਬੰਧ ਬਣਾ ਕੇ ਰੱਖ ਰਹੇ ਹਨ। ਚੀਨ ਅਤੇ ਰੂਸ ਉਪਰੋਂ 2 ਕਿਮ ਜੌਨ ਉਨ ਦੀ ਨਿੰਦਿਆ ਕਰਦੇ ਹਨ ਪਰ ਅੰਦਰੋਖਾਤੇ ਉਹ ਨੌਰਥ ਕੋਰੀਆ ਨੂੰ ਇੱਕ ਅਜਿਹੇ ਮੁਹਾਜ਼ ਵਜੋਂ ਵੇਖਦੇ ਹਨ ਜਿਹੜਾ ਅਮਰੀਕਾ ਦੀ ਸਰਦਾਰੀ ਨੂੰ ਨਕੇਲ ਪਾਉਣ ਦੀ ਤਾਕਤ ਰੱਖਦਾ ਹੈ। ਨੌਰਥ ਕੋਰੀਆ ਦੀਆਂ ਮਿਜ਼ਾਇਲਾਂ ਦੀ ਰੇਂਜ ਅਮਰੀਕਾ ਤੱਕ ਜਾ ਪੁੱਜਣ ਦੀ ਗੱਲ ਦੱਸੀ ਜਾਂਦੀ ਹੈ। ਕੁੱਝ ਮਾਹਰਾਂ ਦਾ ਮੰਨਣਾ ਹੈ ਕਿ ਨੌਰਥ ਕੋਰੀਆ ਕੈਨੇਡਾ ਦੇ ਅਲਾਸਕਾ ਨਾਲ ਪੈਂਦੇ ਬਾਰਡਰ ਤੱਕ ਮਾਰ ਕਰ ਸਕਦਾ ਹੈ।
ਸੁਆਲ ਹੈ ਕਿ ਨੌਰਥ ਕੋਰੀਆ ਪ੍ਰਤੀ ਕੈਨੇਡਾ ਦਾ ਕੀ ਰੁਖ ਹੋਣਾ ਚਾਹੀਦਾ ਹੈ? ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ ਮੰਤਰੀ ਕ੍ਰਿਸਟੀ ਫਰੀਲੈਂਡ ਵੱਲੋਂ ਨੌਰਥ ਕੋਰੀਆ ਨੂੰ ਹਲਕੀਆਂ ਫੁਲਕੀਆਂ ਚੇਤਾਵਨੀਆਂ ਦੇਣਾ ਕਾਫੀ ਹੈ? ਕੀ ਕੈਨੇਡਾ ਨੂੰ ਅਮਰੀਕਾ ਅਤੇ ਹੋਰ ਅਲਾਈਡ ਤਾਕਤਾਂ ਨਾਲ ਮਿਲ ਕੇ ਸੱਮਸਿਆ ਦੇ ਹੱਲ ਲਈ ਸਰਗਰਮ ਰੋਲ ਅਦਾ ਨਹੀਂ ਕਰਨਾ ਚਾਹੀਦਾ? ਕੈਨੇਡੀਅਨ ਫੈਡਰਲ ਸਰਕਾਰ ਡਰਦੀ ਹੈ ਕਿ ਨੌਰਥ ਕੋਰੀਆ ਪ੍ਰਤੀ ਸਖ਼ਤ ਸਟੈਂਡ ਦਾ ਅਰਥ ਚੀਨ ਨੂੰ ਗੁੱਸੇ ਕਰਨਾ ਹੋਵੇਗਾ। ਟਰੂਡੋ ਸਰਕਾਰ ਨੂੰ ਖਦਸ਼ਾ ਹੈ ਕਿ ਚੀਨ ਕਿਸੇ ਵੀ ਬਹਾਨੇ ਕਿਸੇ ਵੀ ਵੇਲੇ ਕੈਨੇਡਾ ਤੋਂ ਹੋਣ ਵਾਲੇ ਕੈਨੋਲਾ ਦੇ ਨਿਰਯਾਤ ਸਮਝੌਤੇ ਨੂੰ ਰੱਦ ਕਰ ਸਕਦਾ ਹੈ। ਚੀਨ ਵੱਲੋਂ ਕੈਨੇਡਾ ਨਾਲ ਫਰੀ ਟਰੇਡ ਸਮਝੌਤੇ ਉੱਤੇ ਸਹੀ ਪਾਉਣ ਉੱਤੇ ਵੀ ਅੜਿੱਕੇ ਲਾਏ ਜਾ ਸਕਦੇ ਹਨ। ਨੌਰਥ ਕੋਰੀਆ ਵੱਲੋਂ ਐਤਵਾਰ ਨੂੰ ਕੀਤੇ ਜਬਰਦਸਤ ਨਿਊਕਲੀਅਰ ਧਮਾਕੇ ਤੋਂ ਬਾਅਦ ਵਿਦੇਸ਼ ਮੰਤਰੀ ਕ੍ਰਿਸਟੀ ਫਰੀਲੈਂਡ ਦਾ ਮਹਿਜ਼ ਇਹ ਆਖਣਾ ਕਿ ਅਸੀਂ ਨੌਰਥ ਕੋਰੀਆ ਨੂੰ ਚਾਹੀਦਾ ਹੈ ਕਿ ਉਹ ਕਿਸੇ ਕਿਸਮ ਦੀ ਭੜਕਾਹਟ ਪੈਦਾ ਕਰਨ ਤੋਂ ਗੁਰੇਜ਼ ਕਰੇ ਦੱਸਦਾ ਹੈ ਕਿ ਸਾਡੀ ਨੀਤੀ ਵਿੱਚ ਕਿੰਨੀ ਬੇਯਕੀਨੀ ਹੈ।
ਲੋੜ ਹੈ ਕਿ ਕੈਨੇਡਾ ਸਰਕਾਰ ਅਲਾਈਡ ਤਾਕਤਾਂ ਨਾਲ ਮਿਲ ਕੇ ਅਜਿਹੀ ਰਣਨੀਤੀ ਨੂੰ ਹੋਂਦ ਵਿੱਚ ਲਿਆਵੇ ਜੋ ਵਿਸ਼ਵ ਸ਼ਾਂਤੀ ਲਈ ਅਸਰਦਾਰ ਅਤੇ ਠੋਸ ਹੋਵੇ। ਚੀਨ ਤੋਂ ਬਿਨਾ ਵਜਹ ਡਰਨ ਦੀ ਥਾਂ ਕੈਨੇਡਾ ਨੂੰ ਆਪਣੀ ਸੁਤੰਤਰ ਪਹੁੰਚ ਤਿਆਰ ਕਰਨੀ ਚਾਹੀਦੀ ਹੈ। ਹਾਲਾਤ ਇਹ ਵੀ ਮੰਗ ਕਰਦੇ ਹਨ ਕਿ ਪ੍ਰਧਾਨ ਮੰਤਰੀ ਟਰੂਡੋ ਅਮਰੀਕਾ ਦੇ ਮਿਜ਼ਾਈਲ ਰੱਖਿਆ ਪ੍ਰੋਗਰਾਮ (U.S. missile shield program) ਵਿੱਚ ਸ਼ਾਮਲ ਨਾ ਹੋਣ ਦੀ ਜਿੱਦ ਛੱਡ ਕੇ ਕੈਨੇਡਾ ਦੀ ਸਰਜ਼ਮੀਨ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕਣ।